ਸਰੋਜਨੀ ਨਗਰ ਬਾਜ਼ਾਰ ਵਿੱਚ ਭੰਨ-ਤੋੜ ਤੋਂ ਵਪਾਰੀ ਪ੍ਰੇਸ਼ਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਮੱਧ ਵਰਗ ਅਤੇ ਵਿਦਿਆਰਥੀਆਂ ਵਿੱਚ ਮਕਬੂਲ ਸਰੋਜਨੀ ਨਗਰ ਮਾਰਕੀਟ ਵਿੱਚ ਨਵੀਂ ਦਿੱਲੀ ਨਗਰ ਪਰਿਸ਼ਦ ਵੱਲੋਂ ਦੁਕਾਨਾਂ ਅੱਗੋਂ ਥੜ੍ਹੇ ਹਟਾ ਦਿੱਤੇ ਗਏ ਇਸ ਕਾਰਨ ਬਾਜ਼ਾਰ ਦੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਐਨਫੋਰਸਮੈਂਟ ਵਿਭਾਗ ਨੇ ਉਨ੍ਹਾਂ ਦੀਆਂ ਕਾਨੂੰਨੀ ਉਸਾਰੀਆਂ ਨੂੰ ਵੀ ਢਾਹ ਦਿੱਤਾ। ਸਰੋਜਨੀ ਨਗਰ ਬਾਜ਼ਾਰ ਦੇ ਵਿਕਰੇਤਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਐੱਨਡੀਐੱਮਸੀ ਦੀ ਕਬਜ਼ੇ ਹਟਾਉਣ ਦੀ ਮੁਹਿੰਮ ਨੇ ਕਾਨੂੰਨੀ ਢਾਂਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਬਿਨਾਂ ਕਿਸੇ ਰਸਮੀ ਸੂਚਨਾ ਦੇ ਪਰੀਸ਼ਦ ਆਈ।
ਐੱਨਡੀਐੱਮਸੀ ਅਤੇ ਦਿੱਲੀ ਪੁਲੀਸ ਨੇ ਇੱਥੇ ਫੁੱਟਪਾਥਾਂ ਤੋਂ ਲਗਪਗ 200 ਅਣਅਧਿਕਾਰਤ ਸਟਾਲ ਅਤੇ ਦੁਕਾਨਾਂ ਹਟਾ ਦਿੱਤੀਆਂ | ਨਗਰ ਪਰਿਸ਼ਦ ਦੇ ਅਧਿਕਾਰੀਆਂ ਅਨੁਸਾਰ ਇਸ ਕਾਰਵਾਈ ਦਾ ਉਦੇਸ਼ ਪੈਦਲ ਚੱਲਣ ਵਾਲੇ ਰਸਤਿਆਂ ਨੂੰ ਸਾਫ਼ ਕਰਨਾ ਅਤੇ ਜਨਤਕ ਜਗ੍ਹਾ ਨੂੰ ਖਾਲੀ ਕਰਨਾ ਸੀ। ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਗੈਰ-ਕਾਨੂੰਨੀ ਵਾਧਿਆਂ, ਜਿਨ੍ਹਾਂ ਵਿੱਚ ਛੱਤਰੀਆਂ, ਸ਼ੈੱਡ ਅਤੇ ਅਸਥਾਈ ਸਟਾਲ ਸ਼ਾਮਲ ਸਨ, ਜੋ ਲੰਬੇ ਸਮੇਂ ਤੋਂ ਖੇਤਰ ਵਿੱਚ ਭੀੜ-ਭੜੱਕੇ ਦਾ ਕਾਰਨ ਬਣਦੀਆਂ ਸਨ, ਨੂੰ ਹਟਾਇਆ ਜਾਣਾ ਸੀ। ਸਰੋਜਨੀ ਨਗਰ ਮਿੰਨੀ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਰੰਧਾਵਾ ਨੇ ਦੱਸਿਆ ਕਿ ਬਹੁਤ ਸਾਰੇ ਦੁਕਾਨਦਾਰ ਅਣਜਾਣ ਫਸ ਗਏ ਸਨ, ਕਿਉਂਕਿ ਢਾਹੁਣ ਦੀ ਕਾਰਵਾਈ ਕਥਿਤ ਤੌਰ ’ਤੇ ਰਸਮੀ ਨੋਟਿਸ ਜਾਂ ਦਸਤਾਵੇਜ਼ਾਂ ਤੋਂ ਬਿਨਾਂ ਕੀਤੀ ਗਈ। ਜਦੋਂ ਕਿ ਐੱਨਡੀਐੱਮਸੀ ਦਾ ਕਹਿਣਾ ਹੈ ਕਿ ਪਹਿਲਾਂ ਚਿਤਾਵਨੀਆਂ ਅਤੇ ਨੋਟਿਸ ਜਾਰੀ ਕੀਤੇ ਗਏ ਸਨ।