ਸਰਹੱਦੀ ਤਣਾਅ: ਗੁਰਦੁਆਰੇ ’ਤੇ ਹਮਲੇ ਦੀ ਨਿਖੇਧੀ
ਭਗਵਾਨ ਦਾਸ ਸੰਦਲ
ਦਸੂਹਾ, 9 ਮਈ
ਭਾਰਤ-ਪਾਕਿਸਤਾਨ ਸਰਹੱਦ ’ਤੇ ਵਧੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਪ੍ਰਬੰਧਕਾਂ ਦੀ ਬੈਠਕ ਚੇਅਰਮੈਨ ਗੁਰਦੀਪ ਸਿੰਘ ਵਾਹਿਦ ਦੀ ਅਗਵਾਈ ਹੇਠ ਹੋਈ। ਇਸ ਵਿੱਚ ਪਾਕਿਸਤਾਨ ਵੱਲੋਂ ਜੰਮੂ ਖੇਤਰ ਦੇ ਗੁਰਦੁਆਰਾ ਸਾਹਿਬ ਅਤੇ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਗਈ। ਹਸਪਤਾਲ ਪ੍ਰਸ਼ਾਸਨ ਨੇ ਧਾਰਮਿਕ ਅਸਥਾਨ ’ਤੇ ਹਮਲਾ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦਿਆ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਹਸਪਤਾਲ ’ਚ ਲੋੜਵੰਦਾਂ ਦੇ ਇਲਾਜ, ਦਵਾਈਆਂ, ਐਂਬੂਲੈਂਸ ਅਤੇ ਹੋਰ ਡਾਕਟਰੀ ਸੇਵਾਵਾਂ ਨੂੰ ਯਕੀਨੀ ਬਣਾਇਆ ਗਿਆ ਹੈ। ਹਸਪਤਾਲ ਪ੍ਰਬੰਧਕਾਂ ਨੇ ਜ਼ਿਲ੍ਹਾ ਤੇ ਸਥਾਨਕ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਲੋੜ ਪੈਣ ’ਤੇ ਗੁਰੂ ਨਾਨਕ ਮਿਸ਼ਨ ਟਰੱਸਟ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ’ਚ ਪਿੱਛੇ ਨਹੀਂ ਹਟੇਗਾ। ਇਸ ਮੌਕੇ ਵਾਈਸ ਚੇਅਰਮੈਨ ਦਲਬੀਰ ਸਿੰਘ ਨਈਅਰ, ਖਜ਼ਾਨਚੀ ਸੁਖਵੀਰ ਸਿੰਘ ਨਈਅਰ, ਜਗਦੀਸ਼ ਸਿੰਘ ਸੋਈ, ਬੀਬੀ ਬਲਬੀਰ ਕੌਰ ਫੁੱਲ, ਭੁਪਿੰਦਰ ਸਿੰਘ ਸੇਠੀ, ਕੁਲਵੰਤ ਸਿੰਘ ਨਾਗਰਾ, ਸਰੂਪ ਸਿੰਘ ਵਾਲੀਆ, ਗੁਰਚਰਨ ਸਿੰਘ ਡਾਇਮੰਡ, ਸਵਰਨ ਸਿੰਘ, ਵਰਿੰਦਰ ਸਿੰਘ ਕਾਹਲੋਂ, ਦਿਲਬਾਗ ਸਿੰਘ ਆਦਿ ਮੌਜੂਦ ਸਨ।