ਸਰਹੱਦੀ ਚੌਕੀ ’ਤੇ ਵਿਦਿਆਰਥਣਾਂ ਨਾਲ ਬਦਸਲੂਕੀ ਖ਼ਿਲਾਫ਼ ਧਰਨਾ
ਪਰਮਜੀਤ ਸਿੰਘ
ਫਾਜ਼ਿਲਕਾ, 1 ਦਸੰਬਰ
ਭਾਰਤ-ਪਾਕਿਸਤਾਨ ਸਰਹੱਦ ’ਤੇ ਵੱਸੇ ਪਿੰਡ ਮੁਹਾਰ ਜਾਮਸ਼ੇਰ ਦੀਆਂ ਵਿਦਿਆਰਥਣਾਂ ਦੇ ਸਕੂਲ ਜਾਣ ਸਮੇਂ ਸਰਹੱਦੀ ਚੌਕੀ ਦੇ ਚੈਕਿੰਗ ਗੇਟ ’ਤੇ ਬੀਐੱਸਐੱਫ ਦੀਆਂ ਮਹਿਲਾ ਜਵਾਨਾਂ ਦੀ ਅਣਹੋਂਦ ਕਾਰਨ ਮਰਦ ਸਟਾਫ ਵੱਲੋਂ ਚੈਕਿੰਗ ਦੇ ਨਾਂ ’ਤੇ ਬਦਸਲੂਕੀ ਕਰਨ ਖ਼ਿਲਾਫ਼ ਸਰਹੱਦੀ ਪਿੰਡ ਵਾਸੀਆਂ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਕਾਰਕੁਨਾਂ ਵੱਲੋਂ ਬੀਐੱਸਐੱਫ ਚੌਕੀ ਦੇ ਸਾਹਮਣੇ ਧਰਨਾ ਲਗਾਇਆ ਗਿਆ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਧੀਰਜ ਫਾਜ਼ਿਲਕਾ ਅਤੇ ਜ਼ੋਨਲ ਆਗੂ ਕਮਲਜੀਤ ਮੁਹਾਰ ਖੀਵਾ ਨੇ ਕਿਹਾ ਵਿਦਿਆਰਥਣਾਂ ਨੂੰ ਇਹ ਕਹਿ ਕੇ ਸਕੂਲ ਜਾਣ ਤੋਂ ਰੋਕਿਆ ਗਿਆ ਸੀ ਕਿ ਵਿਦਿਆਰਥਣਾਂ ਨੂੰ ਚੈੱਕ ਕਰਨ ਲਈ ਲੇਡੀਜ਼ ਸਟਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਜ਼ਿਆਦਾਤਰ ਲੋਕ ਆਰਥਿਕ ਤੌਰ ’ਤੇ ਕਮਜ਼ੋਰ ਹਨ ਜੋ ਕਿ ਬੜੀ ਮੁਸ਼ਕਿਲ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹਨ। ਨੌਜਵਾਨ ਆਗੂ ਪ੍ਰਤਾਪ ਮਨਸਾ ਅਤੇ ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ ਚੈਕਿੰਗ ਦੇ ਨਾਂ ’ਤੇ ਹਰ ਰੋਜ਼ ਸਰਹੱਦੀ ਪਿੰਡ ਵਾਸੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਹ ਪਿੰਡ ਲੱਗਭਗ ਤਿੰਨੋਂ ਪਾਸਿਓਂ ਤਾਰਬੰਦੀ ਨਾਲ ਘਿਰਿਆ ਹੋਇਆ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੋਣ ਕਾਰਨ ਪਿੰਡ ਵਿੱਚ ਬੀਐੱਸਐੱਫ ਦੀ ਗਸ਼ਤ ਲੱਗੀ ਰਹਿੰਦੀ ਹੈ। ਇਸ ਕਾਰਨ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਲੋਕਾਂ ਨੂੰ ਆਉਣ ਜਾਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
੍ਵਿਧਾਇਕ, ਤਹਿਸੀਲਦਾਰ ਤੇ ਫੌਜ ਦੇ ਉੱਚ ਅਧਿਕਾਰੀਆਂ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਇਲਾਕੇ ਦੇ ਐੱਮਐੱਲਏ ਨਰਿੰਦਰਪਾਲ ਸਵਨਾ, ਤਹਿਸੀਲਦਾਰ ਨਵੀਨ ਛਾਬੜਾ ਅਤੇ ਫੌਜ ਦੇ ਉੱਚ ਅਧਿਕਾਰੀ ਅਵੀਨੀਸ਼ ਲਿਲਨ ਵੱਲੋਂ ਸਬੰਧਤ ਬੀਐੱਸਐੱਫ ਦੇ ਅਧਿਕਾਰੀਆਂ ਅਤੇ ਜਵਾਨਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਅਤੇ ਚੈਕਿੰਗ ਪੋਸਟ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ 6 ਦਸੰਬਰ ਨੂੰ ਫੌਜ ਦੇ ਉੱਚ ਅਧਿਕਾਰੀਆਂ ਅਤੇ ਕੇਂਦਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਤੁਰੰਤ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਆਗੂਆਂ ਨੇ ਗੇਟ ’ਤੇ ਬਿਨਾਂ ਖੱਜਲ ਖ਼ੁਆਰੀ ਅਤੇ 24 ਘੰਟੇ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਵੱਲੋਂ ਮੰਗ ਨਹੀਂ ਮੰਨੀ ਜਾਂਦੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।