ਸਰਹੱਦੀ ਖੇਤਰ ’ਚ ਦੋ ਨਸ਼ਾ ਤਸਕਰ ਹੈਰੋਇਨ ਸਣੇ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਜਨਵਰੀ
ਇੱਥੇ ਬੀਐੱਸਐੱਫ ਨੇ ਪੰਜਾਬ ਪੁਲੀਸ ਨਾਲ ਕੀਤੇ ਸਾਂਝੇ ਅਪਰੇਸ਼ਨ ਦੌਰਾਨ ਸਰਹੱਦ ਤੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਅਤੇ ਪੰਜਾਬ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਨਸ਼ਾ ਤਸਕਰੀ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਦੇ ਖੂਫੀਆ ਵਿੰਗ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ’ਤੇ ਬੀਤੀ ਦਰਮਿਆਨੀ ਰਾਤ ਨੂੰ ਪੁਲੀਸ ਦੇ ਸਹਿਯੋਗ ਨਾਲ ਦੋ ਨਸ਼ਾ ਤਸਕਰਾਂ ਨੂੰ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਪਾਕਿਸਤਾਨ ਵੱਲੋਂ ਆਏ ਡਰੋਨ ਰਾਹੀ ਸੁੱਟੀ ਗਈ ਇਹ ਹੈਰੋਇਨ ਨੂੰ ਪ੍ਰਾਪਤ ਕਰਨ ਵਾਸਤੇ ਇਹ ਸਰਹੱਦ ’ਤੇ ਪੁੱਜੇ ਸਨ। ਉਨ੍ਹਾਂ ਕੋਲੋਂ ਬਰਾਮਦ ਕੀਤੇ ਪੈਕੇਟ ਵਿੱਚ ਲਗਪਗ 540 ਗ੍ਰਾਮ ਹੈਰੋਇਨ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਸਰਹੱਦੀ ਪਿੰਡ ਮੋਦੇ ਅਤੇ ਸ਼ਹਿਰ ਦੇ ਨੇੜੇ ਨਰਾਇਣਗੜ੍ਹ ਇਲਾਕੇ ਦੇ ਵਸਨੀਕ ਹਨ। ਦੋਵਾਂ ਮੁਲਜ਼ਮਾਂ ਨੂੰ ਅਗਲੇਰੀ ਜਾਂਚ ਵਾਸਤੇ ਪੁਲੀਸ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ ਹੈ। ਇੱਕ ਹੋਰ ਘਟਨਾ ਵਿੱਚ ਬੀਐੱਸਐੱਫ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚੋਂ ਇੱਕ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਕੀਤਾ ਹੈ। ਬੀਐੱਸਐੱਫ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਸਾਮਾਨ ਪਿੰਡ ਘਣੀਏ ਕੇ ਬੇਟ ਦੇ ਸਰਹੱਦ ਨਾਲ ਲੱਗਦੇ ਖੇਤਾਂ ਵਿੱਚੋਂ ਬਰਾਮਦ ਕੀਤਾ ਹੈ। ਇਸ ਨੂੰ ਇੱਕ ਪੈਕੇਟ ਵਿੱਚ ਬੰਦ ਕੀਤਾ ਹੋਇਆ ਸੀ ਅਤੇ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ।
ਬੱਲੜਵਾਲ ਦੇ ਖੇਤਾਂ ’ਚੋਂ ਦੋ ਕਿਲੋ ਤੋਂ ਵੱਧ ਹੈਰੋਇਨ ਬਰਾਮਦ
ਬੀਐੱਸਐੱਫ ਨੇ ਸਰਹੱਦੀ ਪਿੰਡ ਬੱਲੜਵਾਲ ਦੇ ਖੇਤਾਂ ’ਚੋਂ ਇੱਕ ਵੱਡਾ ਪੈਕੇਟ ਬਰਾਮਦ ਕੀਤਾ ਹੈ ਜਿਸ ਵਿੱਚ ਚਾਰ ਪੈਕੇਟ ਅਤੇ ਇੱਕ ਗੱਤੇ ਦਾ ਡੱਬਾ ਮੌਜੂਦ ਸੀ। ਚਾਰ ਪੈਕੇਟਾਂ ਵਿੱਚੋਂ ਲਗਭਗ ਦੋ ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਹੋਇਆ ਹੈ, ਜਦੋਂ ਕਿ ਗੱਤੇ ਦੇ ਡੱਬੇ ਵਿੱਚੋਂ ਨੌਂ ਐੱਮਐੱਮ ਦੇ 40 ਰੌਂਦ ਬਰਾਮਦ ਹੋਏ ਹਨ। ਇਹ ਵੱਡਾ ਪੈਕੇਟ ਚਿੱਟੇ ਕੱਪੜੇ ਵਿੱਚ ਲਪੇਟਿਆ ਹੋਇਆ ਸੀ ਅਤੇ ਇਸ ਨੂੰ ਇੱਕ ਪਲਾਸਟਿਕ ਦੇ ਲਿਫਾਫੇ ਵਿੱਚ ਬੰਦ ਕਰਕੇ ਇੱਥੇ ਸਰਹੱਦੀ ਪਿੰਡ ਦੇ ਖੇਤਾਂ ਵਿੱਚ ਸੁੱਟਿਆ ਗਿਆ ਸੀ।