ਸਰਹੱਦੀ ਖੇਤਰ ’ਚੋਂ ਪਿਸਤੌਲ, ਡਰੋਨ ਤੇ ਨਸ਼ੀਲੇ ਪਦਾਰਥ ਬਰਾਮਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਮਈ
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਅੰਮ੍ਰਿਤਸਰ ਵਿੱਚ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਤੋਂ ਤਸਕਰੀ ਕੀਤੀ ਗਈ ਇੱਕ ਪਿਸਤੌਲ, ਇੱਕ ਡਰੋਨ ਅਤੇ 983 ਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਬੀਐੱਸਐੱਫ ਦੇ ਬੁਲਾਰੇ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਕੌਮਾਂਤਰੀ ਸਰਹੱਦ ਨੇੜੇ ਸਥਿਤ ਮਹਾਵਾ ਪਿੰਡ ਵਿੱਚ ਇੱਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਲਗਪਗ 562 ਗ੍ਰਾਮ ਹੈਰੋਇਨ ਵਾਲਾ ਇੱਕ ਪੈਕੇਟ ਬਰਾਮਦ ਕੀਤਾ ਗਿਆ। ਇਸਨੂੰ ਡਰੋਨ ਰਾਹੀਂ ਸੁੱਟਿਆ ਗਿਆ ਸੀ। ਇਹ ਪੈਕੇਟ ਪੀਲੇ ਰੰਗ ਦੀ ਟੇਪ ਵਿੱਚ ਲਪੇਟਿਆ ਹੋਇਆ ਸੀ ।ਉਸੇ ਪਿੰਡ ਵਿੱਚ ਤਲਾਸ਼ੀ ਮੁਹਿੰਮ ਵਿੱਚ ਦੋ ਮੈਗਜ਼ੀਨਾਂ ਦੇ ਨਾਲ ਇੱਕ ਪਿਸਤੌਲ ਬਰਾਮਦ ਹੋਇਆ, ਜੋ ਸੜੀ ਹੋਈ ਹਾਲਤ ਵਿੱਚ ਸਨ। ਲਗਦਾ ਹੈ ਕਿ ਇਹ ਖੇਤ ਵਿਚ ਰਹਿਦ ਖੂੰਹਦ ਨੂੰ ਲਗੀ ਅੱਗ ਵਿੱਚ ਸੜ ਗਿਆ। ਇਸੇ ਤਰ੍ਹਾਂ ਬੀਐਸਐਫ ਨੇ ਰੋੜਾਂਵਾਲਾ ਖੁਰਦ ਸਰਹੱਦੀ ਪਿੰਡ ਵਿੱਚੋਂ ਸੜੀ ਹੋਈ ਹਾਲਤ ਵਿੱਚ ਇੱਕ ਡਰੋਨ ਬਰਾਮਦ ਕੀਤਾ। ਇੱਕ ਵੱਖਰੀ ਕਾਰਵਾਈ ਵਿੱਚ ਬੀਐੱਸਐੱਫ ਨੇ ਰਾਜਾਤਾਲ ਸਰਹੱਦੀ ਪਿੰਡ ਵਿਚ ਦੋ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਵੇਖੀਆਂ। ਅਣਪਛਾਤੇ ਆਪਣਾ ਸਕੂਟਰ ਛੱਡ ਕੇ ਮੌਕੇ ਤੋਂ ਭੱਜ ਗਏ। ਤਲਾਸ਼ੀ ਦੌਰਾਨ ਬੀਐੱਸਐੱਫ ਨੂੰ 421 ਗ੍ਰਾਮ ਹੈਰੋਇਨ ਵਾਲਾ ਇੱਕ ਪੈਕੇਟ ਮਿਲਿਆ ਜੋ ਸਕੂਟਰ ਦੀ ਸੀਟ ਦੇ ਹੇਠਾਂ ਬਣਾਈ ਗਈ ਇੱਕ ਲੁਕਵੀ ਥਾਂ ਵਿੱਚ ਲੁਕਾਇਆ ਹੋਇਆ ਸੀ।
ਬੀਐੱਸਐੱਫ ਵੱਲੋਂ ਡਰੋਨ ਤੇ ਪਿਸਤੌਲ ਬਰਾਮਦ
ਤਰਨ ਤਾਰਨ (ਗੁਰਬਖਸ਼ਪੁਰੀ); ਬੀਐੱਸਐੱਫ਼ ਅਤੇ ਖੇਮਕਰਨ ਪੁਲੀਸ ਨੇ ਬੀਤੇ ਦਿਨ ਸਰਹੱਦੀ ਖੇਤਰ ਦੀ ਬੀਓਪੀ ਕਲਸਦੇ ਇਲਾਕੇ ਅੰਦਰ ਤਲਾਸ਼ੀ ਕਰਦਿਆਂ ਇਕ ਟੁੱਟਾ ਡਰੋਨ ਅਤੇ ਦੋ ਮੈਗਜ਼ੀਨਾਂ ਸਮੇਤ ਇੱਕ ਪਿਸਤੌਲ ਬਰਾਮਦ ਕੀਤਾ ਹੈ| ਥਾਣਾ ਖੇਮਕਰਨ ਦੇ ਏਐੱਸਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਆਇਆ ਸੀ ਅਤੇ ਇਸ ਨੂੰ ਮੰਗਵਾਉਣ ਵਾਲੇ ਬਾਰੇ ਪਤਾ ਕੀਤਾ ਜਾ ਰਿਹਾ ਹੈ| ਇਸ ਸਬੰਧੀ ਪੁਲੀਸ ਵਲੋਂ ਏਅਰ ਕਰਾਫਟ ਐਕਟ ਦੀ ਦਫ਼ਾ 10, 11,12 ਅਤੇ ਅਸਲਾ ਐਕਟ ਦੀ ਦਫ਼ਾ 25 (6) , 25 (7) ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ|
ਤਿੰਨ ਪਿਸਤੌਲਾਂ ਸਮੇਤ ਦੋ ਗ੍ਰਿਫ਼ਤਾਰ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਗਲੋਕ ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੇ ਹਨ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇੱਕ ਖੁਫੀਆ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਵਾਸੀ ਕੋਟ ਮਹਿਮਦ ਖਾਂ ਜ਼ਿਲ੍ਹਾ ਤਰਨ ਤਾਰਨ ਅਤੇ ਸੁਖਚੈਨ ਸਿੰਘ ਵਾਸੀ ਮਾਨਾ ਵਾਲਾ ਵਜੋਂ ਹੋਈ ਹੈ। ਪੁਲੀਸ ਨੇ ਇਹਨਾਂ ਦੇ ਕੋਲੋਂ ਨੌ ਐਮਐਮ ਦੇ ਤਿੰਨ ਗਲੋਕ ਪਿਸਤੌਲ, ਛੇ ਗੋਲੀਆਂ, ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਘਰਿੰਡਾ ਵਿਖੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਹੈ।