ਸਰਹਿੰਦ ਫੀਡਰ ਨੂੰ ਕੰਕਰੀਟ ਦੀ ਬਣਾਉਣ ਲਈ ਬੰਦੀ ਸ਼ੁਰੂ
ਜਸਵੰਤ ਜੱਸ
ਫਰੀਦਕੋਟ, 12 ਜਨਵਰੀ
ਫਰੀਦਕੋਟ ਸ਼ਹਿਰ ਵਿੱਚੋਂ ਲੰਘਦੀ ਸਰਹਿੰਦ ਫੀਡਰ ਨੂੰ ਕੰਕਰੀਟ ਦੀ ਬਣਾਉਣ ਲਈ ਨਹਿਰੀ ਵਿਭਾਗ ਨੇ ਇਸ ਵਿੱਚ ਵਗ ਰਿਹਾ ਪਾਣੀ ਇੱਕ ਮਹੀਨੇ ਲਈ ਬੰਦ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਜਨਵਰੀ ਅਤੇ ਫਰਵਰੀ ਵਿੱਚ ਇਸ ਨਹਿਰ ਨੂੰ ਕੰਕਰੀਟ ਦੀ ਬਣਾਉਣ ਦਾ ਪ੍ਰਾਜੈਕਟ ਮੁਕੰਮਲ ਕਰ ਲਿਆ ਜਾਵੇਗਾ। ਦੂਜੇ ਪਾਸੇ ਜਲ ਜੀਵਨ ਬਚਾਓ ਮੋਰਚੇ ਨੇ ਸਰਕਾਰ ਦੀ ਇਸ ਯੋਜਨਾ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਸਰਹਿੰਦ ਫੀਡਰ ਕੰਕਰੀਟ ਦੀ ਬਣਦੀ ਹੈ ਤਾਂ ਇਸ ਵਿੱਚੋਂ ਪਾਣੀ ਦੀ ਸੀਪੇਜ ਬੰਦ ਹੋ ਜਾਵੇਗੀ ਅਤੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਗਹਿਰਾ ਹੋ ਜਾਵੇਗਾ ਕਿਉਂਕਿ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਬਹੁਤੀ ਆਬਾਦੀ ਇਸ ਨਹਿਰ ਦੇ ਸੀਪੇਜ ਹੋਏ ਪਾਣੀ ਉੱਪਰ ਹੀ ਨਿਰਭਰ ਹੈ। 250 ਕਿਲੋਮੀਟਰ ਲੰਬੀ ਸਰਹਿੰਦ ਫੀਡਰ ਦਾ ਬਹੁਤਾ ਹਿੱਸਾ ਕੰਕਰੀਟ ਦਾ ਬਣ ਚੁੱਕਾ ਹੈ। ਇਹ ਇਕੱਲੇ ਫਰੀਦਕੋਟ ਵਿੱਚੋਂ ਹੀ ਕਰੀਬ 10 ਕਿਲੋਮੀਟਰ ਨਹਿਰ ਦਾ ਟੋਟਾ ਕੰਕਰੀਟ ਦਾ ਹੋਣਾ ਬਕਾਇਆ ਹੈ। ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਨੇ 250 ਕਰੋੜ ਰੁਪਏ ਦੀ ਗਰਾਂਟ ਭੇਜੀ ਹੈ। ਨਹਿਰੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਦਲੀਲ ਹੈ ਕਿ ਜੇ ਤੁਰੰਤ ਇਸ ਪ੍ਰਾਜੈਕਟ ਨੂੰ ਮੁਕੰਮਲ ਨਾ ਕੀਤਾ ਗਿਆ ਤਾਂ ਸਾਰੇ ਪੈਸੇ ਵਾਪਸ ਚਲੇ ਜਾਣਗੇ। ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ ਨਹਿਰਾਂ ਕੰਕਰੀਟ ਦੀਆਂ ਬਣਨ ਨਾਲ ਦੱਖਣੀ ਪੰਜਾਬ ਦੇ ਇਲਾਕੇ ਵਿੱਚ 130 ਹੈਕਟੇਅਰ ਰਕਬੇ ਨੂੰ ਹੋਰ ਨਹਿਰੀ ਪਾਣੀ ਮਿਲੇਗਾ। ਨਹਿਰੀ ਵਿਭਾਗ ਨੇ ਵੀ ਦਾਅਵਾ ਕੀਤਾ ਕਿ ਸਰਹਿੰਦ ਫੀਡਰ ਦੀ ਖਸਤਾ ਹਾਲਤ ਹੋਣ ਕਾਰਨ ਪੰਜਾਬ ਦੇ ਹਿੱਸੇ ਦਾ ਪਾਣੀ ਇਸ ਵਿੱਚ ਨਹੀਂ ਛੱਡਿਆ ਜਾ ਰਿਹਾ ਅਤੇ ਜੇ ਇਹ ਨਹਿਰ ਕੰਕਰੀਟ ਦੀ ਬਣ ਜਾਂਦੀ ਹੈ ਤਾਂ 100 ਕਿਊਸਿਕ ਪਾਣੀ ਇਸ ਵਿੱਚ ਹੋਰ ਵਧਾ ਦਿੱਤਾ ਜਾਵੇਗਾ ਜਿਸ ਦਾ ਦੱਖਣੀ ਪੰਜਾਬ ਦੇ ਉਹਨਾਂ ਖੇਤਾਂ ਨੂੰ ਵੱਡਾ ਲਾਭ ਹੋਵੇਗਾ ਜਿੱਥੇ ਪਾਣੀ ਖਾਰਾ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜਲ ਜੀਵਨ ਬਚਾਓ ਮੋਰਚਾ ਸ਼ਹਿਰ ਵਾਸੀਆਂ, ਨਹਿਰੀ ਵਿਭਾਗ ਤੇ ਪੰਜਾਬ ਸਰਕਾਰ ਦਰਮਿਆਨ ਪਿਛਲੇ ਸਮੇਂ ਦੌਰਾਨ ਕਾਫੀ ਮੀਟਿੰਗਾਂ ਕਰਾਈਆਂ ਗਈਆਂ ਹਨ ਤਾਂ ਜੋ ਇਸ ਪ੍ਰਾਜੈਕਟ ਦਾ ਸਾਰਿਆਂ ਦੀ ਸਹਿਮਤੀ ਨਾਲ ਹੱਲ ਲੱਭ ਸਕੇ। ਇੱਕ ਦਰਜਨ ਮੀਟਿੰਗਾਂ ਤੋਂ ਬਾਅਦ ਵੀ ਇਸ ਮਸਲੇ ਬਾਰੇ ਕੋਈ ਸਹਿਮਤੀ ਨਹੀਂ ਬਣੀ ਜਿਸ ਤੋਂ ਬਾਅਦ ਸਰਕਾਰ ਨੇ ਆਪਣੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।