ਸਰਬ ਸਾਂਝੇ ਉਮੀਦਵਾਰ ਐਲਬਰਟ ਦੂਆ ਨੇ ਦਾਖ਼ਲ ਕੀਤੀ ਨਾਮਜ਼ਦਗੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਈ
ਘੱਟ ਗਿਣਤੀਆਂ ਭਾਈਚਾਰੇ ਦੇ ਸਰਬ ਸਾਂਝੇ ਉਮੀਦਵਾਰ ਅਤੇ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਨੇ ਅੱਜ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਹਨ। ਦੂਆ ਆਪਣੇ ਸਮਰਥਕਾਂ ਨਾਲ ਪੰਜਾਬ ਮਾਤਾ ਨਗਰ ਸਥਿਤ ਚੋਣ ਦਫ਼ਤਰ ਤੋਂ ਕਾਫ਼ਲੇ ਦੇ ਰੂਪ ਵਿੱਚ ਰਵਾਨਾ ਹੋਏ ਜਿੱਥੇ ਰਸਤੇ ਵਿੱਚ ਥਾਂ ਥਾਂ ਉਨ੍ਹਾਂ ਦਾ ਵੱਖ ਵੱਖ ਧਾਰਮਿਕ, ਸਮਾਜਿਕ, ਭਾਈਚਾਰਕ, ਵਪਾਰਕ ਅਤੇ ਦੁਕਾਨਦਾਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਕਾਗਜ਼ ਦਾਖ਼ਲ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਘੱਟ ਗਿਣਤੀ ਵਰਗ ਨਾਲ ਸਬੰਧਤ ਲੋਕਾਂ, ਗਰੀਬਾਂ, ਲੋੜਵੰਦਾਂ ਅਤੇ ਅਣਗੋਲੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਚੋਣ ਮੈਦਾਨ ਵਿੱਚ ਨਿਤਰੇ ਹਨ ਕਿਉਂਕਿ ਅੱਜ ਤੱਕ ਸਾਰੀਆਂ ਵੱਡੀਆਂ ਰਾਜਸੀ ਪਾਰਟੀਆਂ ਨੇ ਇਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹਲਕਾ ਪੱਛਮੀ ਦੀ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਇਨ੍ਹਾਂ ਲੋਕਾਂ ਦੇ ਮਸਲੇ ਉਠਾਉਣਗੇ।
ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਵਾਜ਼ ਨੂੰ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਕਰਨ ਤਾਂ ਜੋ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਕੇ ਮੁਸ਼ਕਿਲਾਂ ਦਾ ਹੱਲ ਕੱਢਿਆ ਜਾ ਸਕੇ। ਇਸ ਮੌਕੇ ਬਾਬੂ ਸੈਮੂਰਲ, ਜੋਹਨਸਨ ਗਿੱਲ, ਅਗਸਤਨ ਦਾਸ, ਪੀਟਰ ਪ੍ਰਕਾਸ਼, ਦੇਸ਼ ਬੰਧੂ, ਅਸ਼ਵਨੀ ਭਾਰਦਵਾਜ, ਅਨੰਦ ਤਲਵਾਰ, ਰਜਿੰਦਰ ਕਤਿਆਲ, ਹਰਜੀਤ ਸਿੰਘ, ਵਿਨੋਦ ਭੱਲਾ, ਦਾਨਿਸ਼ ਸੁਨੇਤ, ਅਨਿਲ ਸੰਧੂ, ਐਨਥਨੀ ਦੂਆ, ਜੋਏ ਮਨਿੰਦਰ ਸ਼ਰਮਾ, ਰਜੀਵ ਕੁਮਾਰ, ਜੋਹਨ ਮਸੀਹ, ਨਿਖਲ ਛਾਬੜਾ, ਸੈਮਸਨ ਡੋਗਰ, ਕਰਨ ਜਵੱਦੀ, ਕਰਮਜੀਤ ਸਿੰਘ, ਸੋਨੂ ਚੌਧਰੀ, ਸ੍ਰੀਮਤੀ ਡਿੰਪੀ, ਸ੍ਰੀਮਤੀ ਮਨੀ, ਕਪਿਲ ਕੁਮਾਰ, ਪ੍ਰਿੰਸ ਵਰਮਾ, ਬੂਟਾ ਸੁਨੇਤ, ਰੋਕੀ ਸ਼ਾਹੀ, ਰੁਪਿੰਦਰ ਕੌਰ, ਸੁਨੀਤਾ ਭੱਲਾ, ਕਮਲਜੀਤ ਕੌਰ, ਮਾਰਕ ਵੜੈਚ, ਪ੍ਰਿਅੰਕ ਕੁਮਾਰ, ਦੀਪਕ ਕੁਮਾਰ, ਮਾਇਆ, ਨੇਹਾ ਕੁਮਾਰੀ ਅਤੇ ਪਰਵਿੰਦਰ ਕੌਰ ਸਮੇਤ ਕਈ ਪਾਸਟਰ ਅਤੇ ਵੱਖ ਵੱਖ ਸਮਾਜਿਕ, ਧਾਰਮਿਕ, ਵਪਾਰਕ, ਦੁਕਾਨਦਾਰ ਅਤੇ ਭਾਈਚਾਰਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।