ਸਰਬ ਪਾਰਟੀ ਵਫ਼ਦ ਵੱਲੋਂ ਬਹਿਰੀਨ ਦੇ ਉਪ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਮਨਾਮਾ, 25 ਮਈ
ਭਾਰਤੀ ਸੰਸਦ ਮੈਂਬਰਾਂ ਦੇ ਇੱਕ ਸਰਬ ਪਾਰਟੀ ਵਫ਼ਦ ਨੇ ਅੱਜ ਬਹਿਰੀਨ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਖਾਲਿਦ ਬਿਨ ਅਬਦੁੱਲ੍ਹਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ ਅਤੇ ਅਤਿਵਾਦ ਖ਼ਿਲਾਫ਼ ਭਾਰਤ ਦੇ ਰੁਖ਼ ਬਾਰੇ ਚਰਚਾ ਕੀਤੀ। ਇਹ ਵਫ਼ਦ ਭਾਜਪਾ ਦੇ ਸੰਸਦ ਮੈਂਬਰ ਬੈਜਯੰਤ ਜੈ ਪਾਂਡਾ ਦੀ ਅਗਵਾਈ ਹੇਠ ਇੱਥੇ ਆਇਆ ਹੈ। ਪਾਂਡਾ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਭਾਰਤ ਤੇ ਬਹਿਰੀਨ ਵਿਚਾਲੇ ਭਰੋਸੇ, ਸਾਂਝੀਆਂ ਕਦਰਾਂ ਕੀਮਤਾਂ ਤੇ ਆਪਸੀ ਸਨਮਾਨ ’ਤੇ ਆਧਾਰਿਤ ਮਜ਼ਬੂਤ ਇਤਿਹਾਸਕ ਦੋਸਤੀ ਹੈ। ਅਤਿਵਾਦ ਖ਼ਿਲਾਫ਼ ਲੜਾਈ ’ਚ ਅਸੀਂ ਦੁਵੱਲੇ ਹਿੱਤਾਂ ਅਤੇ ਅਤਿਵਾਦ ਦੇ ਸਾਰੇ ਸਰੂਪਾਂ ਨਾਲ ਲੜਨ ਲਈ ਭਾਰਤ ਦੀ ਪ੍ਰਤੀਬੱਧਤਾ ਬਾਰੇ ਚਰਚਾ ਕੀਤੀ।’ ਇਹ ਮੁਲਾਕਾਤ ਬਹਿਰੀਨ ਦੀ ਰਾਜਧਾਨੀ ਮਨਾਮਾ ਦੇ ਗੁੜੇਬੀਆ ਪੈਲੇਸ ’ਚ ਹੋਈ। ਬਹਿਰੀਨ ’ਚ ਭਾਰਤੀ ਦੂਤਾਵਾਸ ਨੇ ਐਕਸ ’ਤੇ ਕਿਹਾ, ‘ਸਰਬ ਪਾਰਟੀ ਸੰਸਦ ਮੈਂਬਰਾਂ ਨੇ ਬਹਿਰੀਨ ਦੀ ਸੰਸਦ ’ਚ ਉੱਪਰਲੇ ਸਦਨ ਸ਼ੂਰਾ ਬਹਿਰੀਨ ਦੇ ਚੇਅਰਮੈਨ ਅਲੀ ਬਿਨ ਸਾਲੇਹ ਅਲ ਸਾਲੇਹ ਨਾਲ ਵੀ ਮੁਲਾਕਾਤ ਕੀਤੀ ਅਤੇ ਅਤਿਵਾਦ ਖ਼ਿਲਾਫ਼ ਲੜਨ ਤੇ ਦੁਵੱਲੇ ਸਬੰਧ ਮਜ਼ਬੂਤ ਕਰਨ ਦੇ ਭਾਰਤ ਦੇ ਅਹਿਦ ਨੂੰ ਉਭਾਰਿਆ।’ -ਪੀਟੀਆਈ
ਸੂਲੇ ਦੀ ਅਗਵਾਈ ਹੇਠਲੇ ਵਫ਼ਦ ਵੱਲੋਂ ਕਤਰ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
ਸੰਸਦ ਮੈਂਬਰ ਸੁਪ੍ਰਿਆ ਸੂਲੇ ਕਤਰ ’ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਪੀਟੀਆਈ ਦੋਹਾ: ਐੱਨਸੀਪੀ (ਐੱਸਪੀ) ਨੇਤਾ ਸੁਪ੍ਰਿਆ ਸੂਲੇ ਦੀ ਅਗਵਾਈ ਹੇਠ ਸਰਬ ਪਾਰਟੀ ਵਫ਼ਦ ਨੇ ਅੱਜ ਕਤਰ ਦੀ ਸ਼ੂਰਾ ਕੌਂਸਲ ਦੇ ਡਿਪਟੀ ਸਪੀਕਰ ਡਾ. ਹਮਦਾ ਅਲ ਸੁਲੈਤੀ ਅਤੇ ਕਤਰ ਦੇ ਹੋਰ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ 22 ਅਪਰੈਲ ਦੇ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ’ਚ ਪੈਦਾ ਹੋਏ ਰੋਹ ਬਾਰੇ ਜਾਣਕਾਰੀ ਦਿੱਤੀ। ਕਤਰ ਵਿਚਲੀ ਭਾਰਤੀ ਅੰਬੈਸੀ ਨੇ ਐਕਸ ’ਤੇ ਲਿਖਿਆ, ‘ਕਤਰ ਨੇ ਅਤਿਵਾਦ ਖ਼ਿਲਾਫ਼ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਤਿਵਾਦ ਦੀ ਵਿਸ਼ਵ ਪੱਧਰ ’ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ।’ ਇਸ ਤੋਂ ਪਹਿਲਾਂ ਵਫ਼ਦ ਨੇ ਅੰਬੈਸੀ ’ਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕੀਤੀ। ਸੂਲੇ ਦੀ ਅਗਵਾਈ ਹੇਠਲਾ ਵਫ਼ਦ ਬੀਤੇ ਦਿਨ ਕਤਰ ਪੁੱਜਾ ਸੀ। -ਪੀਟੀਆਈ
Advertisement