ਸਰਬਜੀਤ ਝਿੰਜਰ ਵੱਲੋਂ ਅਕਾਲੀ ਉਮੀਦਵਾਰਾਂ ਦੇ ਹੱਕ ’ਚ ਚੋਣ ਰੈਲੀ
ਖੇਤਰੀ ਪ੍ਰਤੀਨਿਧ
ਪਟਿਆਲਾ, 19 ਦਸੰਬਰ
ਨਗਰ ਨਿਗਮ ਪਟਿਆਲਾ ਲਈ 21 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਮੈਦਾਨ ’ਚ ਨਿੱਤਰੇ ਅਕਾਲੀ ਉਮੀਦਵਾਰਾਂ ਦੇ ਹੱਕ ’ਚ ਅੱੱਜ ਇੱਥੇ ਚੋਣ ਰੈਲੀ ਕੀਤੀ ਗਈ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਜਿੱਥੇ ਸ਼ਹਿਰ ਵਾਸੀਆਂ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਫ਼ਤਵਾ ਦੇ ਕੇ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ, ਉੱਥੇ ਹੀ ਉਨ੍ਹਾਂ ਨੇ ਵੋਟਰਾਂ ਨੂੰ ਚਿੰਤਾਮੁਕਤ ਕਰਦਿਆਂ ਭਰੋਸਾ ਦਿਵਾਇਆ ਕਿ ਵੋਟਾਂ ਵਾਲੇ ਦਿਨ ਯੂਥ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰ ‘ਆਪ’ ਦੀ ਹਰ ਵਧੀਕੀ ਦਾ ਡਟ ਕੇ ਮੁਕਾਬਲਾ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਜਿਹਾ ਕੀਤਾ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵਾਰਡ ਨੰਬਰ 14 ਤੋਂ ਅਕਾਲੀ ਉਮੀਦਵਾਰ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਦੀ ਪਤਨੀ ਕਮਲਦੀਪ ਕੌਰ ਦੇ ਹੱਕ ’ਚ ਵੀ ਪ੍ਰਚਾਰ ਕੀਤਾ। ਸ੍ਰੀ ਝਿੰਜਰ ਨੇ ਕਿਹਾ ਕਿ ਪੰਜਾਬ ਦੀ ਭਲਾਈ ਲਈ ਸੱਚੇ ਦਿਲੋਂ ਕੰਮ ਕਰਨ ਵਾਲੀ ਇਕਲੌਤੀ ਖੇਤਰੀ ਪਾਰਟੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਸੂਬੇ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਦਿੱਲੀ ਤੋਂ ਨਿਯੰਤਰਿਤ ਹੋਣ ਵਾਵੀਆਂ ‘ਆਪ’, ਭਾਜਪਾ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਦੇ ਉਲਟ ਅਕਾਲੀ ਦਲ ਪੰਜਾਬ ਦੀਆਂ ਵਿਲੱਖਣ ਚੁਣੌਤੀਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਪਟਿਆਲਾ ਦੀ ਅਮਨ-ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗੇ। ਵਰਕਰ ਪੋਲਿੰਗ ਬੂਥਾਂ ’ਤੇ ਮੌਜੂਦ ਰਹਿਣਗੇ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਜਾਂ ਭੈਅ ਦੇ ਵੋਟਾਂ ਪਾ ਸਕਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ‘ਆਪ’ ਦੇ ਵਰਕਰਾਂ ਜਾਂ ਸਰਕਾਰ ਵੱਲੋਂ ਗੁੰਡਾਗਰਦੀ ਕੀਤੀ ਗਈ ਤਾਂ ਇਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਦਲ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਅਮਿਤ ਰਾਠੀ, ਹਲਕਾ ਇੰਚਾਰਜ ਬਿੱਟੂ ਚੱਠਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਗ, ਸ਼ਹਿਰੀ ਪ੍ਰਧਾਨ ਕਰਨਵੀਰ ਸਿੰਘ ਸਾਹਨੀ, ਬੁਲਾਰੇ ਗੁਰਤੇਜ ਸਿੰਘ ਮੰਡੇਰ, ਹਰਜੋਤ ਸਿੰਘ ਮਾਜਰੀ, ਮਨਪ੍ਰੀਤ ਸਿੰਘ ਫਰੀਦਪੁਰ, ਮਨਪ੍ਰੀਤ ਸਿੰਘ ਮਾਜਰੀ, ਸੁਖਪਾਲ ਸਿੰਘ ਤੇ ਕਮਲਪ੍ਰੀਤ ਸਿੰਘ ਹਾਜ਼ਰ ਸਨ।