ਸਰਪੰਚ ਦੀ ਕੁੱਟਮਾਰ ਸਬੰਧੀ ਵਿਧਾਇਕ ਨੂੰ ਜਾਣੂ ਕਰਵਾਇਆ
ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ,15 ਮਈ
ਨਜ਼ਦੀਕੀ ਪਿੰਡ ਟਾਂਡਾ ਵਿੱਚ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਹੋਏ ਵਿਵਾਦ ਕਾਰਨ ਸਰਪੰਚ ਦੀ ਕਥਿਤ ਕੁੱਟਮਾਰ ਕਰਨ ਤੇ ਦਸਤਾਰ ਉਤਾਰਨ ਦੇ ਰੋਸ ਵਜੋਂ ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਦਰਜਨਾਂ ਸਰਪੰਚ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਇਕੱਠੇ ਹੋਏ ਜਿਨ੍ਹਾਂ ਵੱਲੋਂ ਸਾਂਝੇ ਤੌਰ ’ਤੇ ਇਕੱਠ ਕਰਕੇ ਹਲਕਾ ਵਿਧਾਇਕ ਨੂੰ ਮਿਲ ਕੇ ਇਸ ਘਟਨਾ ਸਬੰਧੀ ਜਾਣੂ ਕਰਵਾਇਆ।
ਪਿੰਡ ਵਾਸੀਆਂ ਦੱਸਿਆ ਕਿ ਬੀਤੇ ਦਿਨ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਵੱਲੋਂ ਬਾਹਰੀ ਲੋਕਾਂ ਦੀ ਮਦਦ ਨਾਲ ਮੌਜੂਦਾ ਸਰਪੰਚ ਅਰਮਿੰਦਰ ਸਿੰਘ ’ਤੇ ਹਮਲਾ ਕੀਤਾ ਅਤੇ ਉਸ ਦੀ ਦਸਤਾਰ ਲਾਹ ਦਿੱਤੀ। ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਸੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਰੋਸ ਵਜੋਂ ਅੱਜ ਦਰਜਨਾਂ ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਹਲਕਾ ਵਿਧਾਇਕ ਨੂੰ ਮਿਲੇ ਹਨ ਜਿਨ੍ਹਾਂ ਨੇ ਸਮੂਹ ਸਰਪੰਚਾਂ ਨੂੰ ਉਕਤ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਸਰਪੰਚ ਲਾਜਵੰਤ ਸਿੰਘ ਲਾਟੀ ਸਰਪੰਚ, ਸਰਪੰਚ ਦਲਜੀਤ ਸਿੰਘ, ਸਰਪੰਚ ਨਿਸ਼ਾਨ ਸਿੰਘ, ਸਰਪੰਚ ਕਮਲਜੀਤ ਸਿੰਘ, ਸਰਪੰਚ ਔਲਖ ਸਿੰਘ, ਸਰਪੰਚ ਜੀਵਨ ਸਿੰਘ, ਸਰਪੰਚ ਸਤਵਿੰਦਰ ਸਿੰਘ, ਸਰਪੰਚ ਪ੍ਰੇਮ ਸਿੰਘ, ਸਰਪੰਚ ਦਲਜੀਤ ਸਿੰਘ, ਸਰਪੰਚ ਨਿਰਵੈਰ ਸਿੰਘ, ਸਰਪੰਚ ਸੁਰਿੰਦਰ ਸਿੰਘ, ਸਰਪੰਚ ਤਜਿੰਦਰ ਸਿੰਘ, ਸਰਪੰਚ ਜਸਬੀਰ ਸਿੰਘ, ਸਰਪੰਚ ਭੁਪਿੰਦਰ ਸਿੰਘ, ਸਰਪੰਚ ਪ੍ਰਭਜੋਤ ਸਿੰਘ ਤੇ ਸਰਪੰਚ ਜਗਪ੍ਰੀਤ ਸਿੰਘ ਆਦਿ ਸਰਪੰਚ ਹਾਜ਼ਰ ਸਨ। ਹਲਕਾ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ। ਥਾਣਾ ਮੁਖੀ ਬਿਕਰਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਆਨ ਲੈਣ ਲਈ ਮੁਲਾਜ਼ਮ ਭੇਜੇ ਹੋਏ ਹਨ ਜਿਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।