ਸਰਦ ਰੁੱਤ ਇਜਲਾਸ: ਕਿਸੇ ਦੀ ਹਾਜ਼ਰੀ ਠੰਢੀ ਤੇ ਕਿਸੇ ਦੀ ਗਰਮ
ਚਰਨਜੀਤ ਭੁੱਲਰ
ਚੰਡੀਗੜ੍ਹ, 29 ਦਸੰਬਰ
ਸੰਸਦ ਦੇ ਲੰਘੇ ਸਰਦ ਰੁੱਤ ਇਜਲਾਸ ’ਚ ਸੰਸਦ ਮੈਂਬਰ ਹਰਭਜਨ ਸਿੰਘ ਅਤੇ ਡਾ. ਰਾਜ ਕੁਮਾਰ ਚੱਬੇਵਾਲ ਦੀ ਹਾਜ਼ਰੀ ਠੰਢੀ ਰਹੀ ਹੈ। ਚੱਬੇਵਾਲ ਸਰਦ ਰੁੱਤ ਸੈਸ਼ਨ ਦੌਰਾਨ ਸਿਰਫ਼ ਇੱਕ ਦਿਨ ਹਾਜ਼ਰ ਰਹੇ ਅਤੇ ਇਸੇ ਤਰ੍ਹਾਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਹਾਜ਼ਰੀ ਵੀ ਇੱਕੋ ਦਿਨ ਦੀ ਰਹੀ ਹੈ। ਤਰਨ ਤਾਰਨ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੋਣ ਕਾਰਨ ਸੈਸ਼ਨ ’ਚ ਹਾਜ਼ਰ ਹੀ ਨਹੀਂ ਹੋ ਸਕੇ। ਸਰਦ ਰੁੱਤ ਇਜਲਾਸ ’ਚ ਲੋਕ ਸਭਾ ਦੀਆਂ 20 ਬੈਠਕਾਂ ਹੋਈਆਂ ਜਦੋਂਕਿ ਰਾਜ ਸਭਾ ਦੀਆਂ ਕੁੱਲ 19 ਬੈਠਕਾਂ ਹੋਈਆਂ ਹਨ। ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਇਸ ਸੈਸ਼ਨ ’ਚ ਛੇ ਦਿਨ ਹਾਜ਼ਰੀ ਭਰੀ ਜਦੋਂ ਕਿ ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਪੰਜ ਦਿਨਾਂ ਦੀ ਰਹੀ ਹੈ। ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਸੱਤ ਦਿਨਾਂ ਦੀ ਹਾਜ਼ਰੀ ਰਹੀ ਹੈ। ਲੋਕ ਸਭਾ ਮੈਂਬਰਾਂ ਵਿੱਚੋਂ ਸਭ ਤੋਂ ਵੱਧ ਹਾਜ਼ਰੀ ਡਾ. ਅਮਰ ਸਿੰਘ ਦੀ 19 ਦਿਨਾਂ ਦੀ ਰਹੀ ਹੈ ਅਤੇ ਦੂਸਰੇ ਨੰਬਰ ’ਤੇ ਕਾਂਗਰਸੀ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ 18 ਦਿਨਾਂ ਦੀ ਰਹੀ ਹੈ। ਇਵੇਂ ਹੀ ‘ਆਪ’ ਦੇ ਐੱਮਪੀ ਮਾਲਵਿੰਦਰ ਸਿੰਘ ਕੰਗ ਦੀ 17 ਦਿਨ ਦੀ ਹਾਜ਼ਰੀ ਰਹੀ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਇਜਲਾਸ ’ਚ 16 ਦਿਨ ਹਾਜ਼ਰ ਰਹੇ। ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ 11 ਦਿਨਾਂ ਦੀ ਹਾਜ਼ਰੀ ਅਤੇ ਡਾ. ਧਰਮਵੀਰ ਗਾਂਧੀ ਦੀ 14 ਦਿਨ ਦੀ ਹਾਜ਼ਰੀ ਰਹੀ ਹੈ।