ਸਰਕਾਰ ਨੇ ਦੋ ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀ ਬਦਲੇ
ਚਰਨਜੀਤ ਭੁੱਲਰ
ਚੰਡੀਗੜ੍ਹ, 4 ਅਪਰੈਲ
ਪੰਜਾਬ ਸਰਕਾਰ ਵੱਲੋਂ ਅੱਜ ਦੋ ਆਈਏਐੱਸ ਤੇ ਇੱਕ ਪੀਸੀਐੱਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਅੱਜ ਹੋਏ ਹੁਕਮਾਂ ਅਨੁਸਾਰ ਆਈਏਐੱਸ ਪਰਮਿੰਦਰ ਪਾਲ ਨੂੰ ਸਥਾਨਕ ਸਰਕਾਰਾਂ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਲਾਇਆ ਗਿਆ ਹੈ ਅਤੇ ਆਈਏਐੱਸ ਰਾਹੁਲ ਚਾਬਾ ਨੂੰ ਪੰਜਾਬ ਪੂੰਜੀ ਪ੍ਰੋਤਸਾਹਨ ਬਿਊਰੋ ਦੇ ਵਧੀਕ ਮੁੱਖ ਕਾਰਜਕਾਰੀ ਅਫ਼ਸਰ ਲਗਾਏ ਜਾਣ ਤੋਂ ਇਲਾਵਾ ਪੀਸੀਐੱਸ ਅਧਿਕਾਰੀ ਅਨਿਲ ਗੁਪਤਾ ਨੂੰ ਯੋਜਨਾ ਵਿਭਾਗ ਦੇ ਨਾਲ-ਨਾਲ ਹੁਣ ਛਪਾਈ ਤੇ ਲਿਖਣ ਸਮੱਗਰੀ ਵਿਭਾਗ ਦੇ ਉਪ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਸਬੰਧੀ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਉੱਚ ਅਫ਼ਸਰਾਂ ਦੇ ਤਬਾਦਲਿਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਜਾਰੀ ਕੀਤੇ ਹਨ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਰੋਜ਼-ਮਰ੍ਹਾ ਦੇ ਸਮੁੱਚੇ ਅਮਲ ’ਚ ਲਿਆਉਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ। ਮੁੱਖ ਮੰਤਰੀ ਖ਼ੁਦ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਖੇਤਰ ’ਚੋਂ ਹਨ ਅਤੇ ਉਹ ਅਫ਼ਸਰਾਂ ਨੂੰ ਹੁਣ ਪੰਜਾਬੀ ’ਚ ਕੰਮ ਕਰਨ ਦੀ ਹਦਾਇਤ ਕਰ ਰਹੇ ਹਨ। ਇਸ ਦੇ ਸਿੱਟੇ ਵਜੋਂ ਮੁੱਖ ਸਕੱਤਰ ਨੇ ਬਦਲੀਆਂ ਦੇ ਪੱਤਰ ਪੰਜਾਬੀ ਭਾਸ਼ਾ ’ਚ ਜਾਰੀ ਕਰਨੇ ਆਰੰਭ ਕਰ ਦਿੱਤੇ ਹਨ। ਲੰਮੇ ਅਰਸੇ ਤੋਂ ਅਫ਼ਸਰਾਂ ਦੀਆਂ ਬਦਲੀਆਂ ਦੇ ਹੁਕਮ ਅੰਗਰੇਜ਼ੀ ਭਾਸ਼ਾ ’ਚ ਜਾਰੀ ਹੁੰਦੇ ਆ ਰਹੇ ਹਨ।
ਮੁੱਖ ਸਕੱਤਰ ਵੱਲੋਂ ਪੰਜਾਬੀ ’ਚ ਜਾਰੀ ਕੀਤੇ ਬਦਲੀਆਂ ਦੇ ਹੁਕਮਾਂ ਤੋਂ ਅੱਜ ਕਾਫ਼ੀ ਚਰਚਾ ਛਿੜੀ ਹੋਈ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਪੰਜਾਬੀ ’ਚ ਕੰਮ ਕਰਨ ਬਾਰੇ ਪੱਤਰ ਲਿਖਿਆ ਸੀ।