ਸਰਕਾਰ ਨੇ ਕਾਲੇ ਪਾਣੀ ਦੇ ਮਸਲੇ ’ਤੇ ਲੋਕਾਂ ਨਾਲ ਧੋਖਾ ਕੀਤਾ
ਬੁੱਢੇ ਦਰਿਆ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਨੂੰ ਮਿਲਾ ਕੇ ਬਣੇ ‘ਕਾਲੇ ਪਾਣੀ ਦਾ ਮੋਰਚਾ’ ਨੇ ਸਰਕਾਰ ’ਤੇ ਕਾਲੇ ਪਾਣੀ ਦੇ ਮਾਮਾਲੇ ਵਿੱਚ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਨੂੰਨੀ ਰਾਇ ਲੈਣ ਮਗਰੋਂ 7 ਦਿਨਾਂ ਵਿੱਚ ਡਾਇੰਗ ਇੰਡਸਟਰੀ ਦੇ ਤਿੰਨੇ ਸੀਈਟੀਪੀ ਬੰਦ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਨੁਮਾਇੰਦਿਆਂ ਇੰਜਨੀਅਰ ਜਸਕੀਰਤ ਸਿੰਘ, ਅਮਿਤੋਜ ਮਾਨ ਤੇ ਲੱਖਾ ਸਿੰਘ ਸਿਧਾਣਾ ਨੇ ਕਿਹਾ ਕਿ 3 ਦਸੰਬਰ ਨੂੰ ਕਾਲੇ ਪਾਣੀ ਦਾ ਮੋਰਚਾ ਵੱਲੋਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿੱਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਨੂੰਨੀ ਰਾਇ ਲੈਣ ਮਗਰੋਂ 7 ਦਿਨਾਂ ਦੇ ਅੰਦਰ ਅੰਦਰ ਡਾਇੰਗ ਇੰਡਸਟਰੀ ਦੇ ਤਿੰਨੇ ਸੀਈਟੀਪੀ ਬੰਦ ਕਰ ਦਿੱਤੇ ਜਾਣਗੇ, ਜੋ ਰੋਜ਼ਾਨਾ ਬੁੱਢੇ ਦਰਿਆ ਰਾਹੀਂ ਸਤਲੁਜ ਵਿੱਚ ਸਾਢੇ ਦਸ ਕਰੋੜ ਲਿਟਰ ਜਹਿਰੀਲਾ ਅਤੇ ਕੈਮੀਕਲ ਵਾਲਾ ਪਾਣੀ ਸੁੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸਰਕਾਰ ਨੇ ਕਥਿਤ ਤੌਰ ’ਤੇ ਡਾਇੰਗਾਂ ਦਾ ਪੱਖ ਪੂਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬੋਰਡ ਰਾਹੀਂ 5 ਦਸੰਬਰ ਨੂੰ ਡਾਇੰਗ ਐਸੋਸੀਏਸ਼ਨ ਨੂੰ ਲਿਖੇ ਪੱਤਰ ਵਿੱਚ ਬਾਕੀ ਦੋਵੇਂ ਸੀਈਟੀਪੀ ਦੀ ਤਰਜ਼ ’ਤੇ ਐੱਨਜੀਟੀ ਵਿੱਚੋਂ ਸਟੇਅ ਆਰਡਰ ਲਿਆਉਣ ਲਈ ਕਿਹਾ ਤੇ ਲਿਖਤੀ ਦਿੱਤਾ ਕਿ ਅਜਿਹਾ ਕਰਨ ’ਤੇ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਵੇਗੀ। ਇਹ ਪੰਜਾਬ ਪ੍ਰਦੂਸ਼ਣ ਬੋਰਡ ਦਾ ਡਾਇੰਗ ਉਦਯੋਗ ਨਾਲ ਕਥਿਤ ਮਿਲੀਭੁਗਤ ਦਾ ਵੱਡਾ ਸਬੂਤ ਸੀ ਜਿਸ ਨੂੰ 9 ਦਸੰਬਰ ਦੀ ਕੇਸ ਦੀ ਸੁਣਵਾਈ ਦੌਰਾਨ ਸਾਡੇ ਵੱਲੋਂ ਐੱਨਜੀਟੀ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਐਨ ਜੀ ਟੀ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਕਿ ਤਾਜਪੁਰ ਰੋਡ ਅਤੇ ਫੋਕਲ ਪੁਆਇੰਟ ਸੀ.ਈ.ਟੀ.ਪੀ ਤੇ ਕੋਈ ਸਟੇਅ ਨਹੀਂ ਦਿੱਤੀ ਗਈ ਸੀ। ਉਨ੍ਹਾਂ ਬਹਾਦਰ ਕੇ ਸੀ.ਈ.ਟੀ.ਪੀ ਨੂੰ ਵੀ ਕਿਸੇ ਤਰ੍ਹਾਂ ਦੀ ਸਟੇਅ ਦੇਣ ਤੋਂ ਮਨ੍ਹਾ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਹਿਲਾਂ ਕੀਤੇ ਗਏ ਹੁਕਮਾਂ ਦੇ ਗਲਤ ਮਤਲਬ ਕੱਢਣ ਤੇ ਸਖਤ ਝਾੜ ਪਾਈ ਅਤੇ ਇਕ ਵੱਡਾ ਫੈਸਲਾ ਲੈਂਦਿਆਂ 20 ਮਾਰਚ ਨੂੰ ਰੱਖੀ ਹੋਈ ਕੇਸ ਦੀ ਤਰੀਕ ਨੂੰ ਦੋ ਮਹੀਨੇ ਪਹਿਲਾਂ ਹੀ 23 ਦਸੰਬਰ ਕਰ ਦਿੱਤਾ। ਇਸ ਨਾਲ ਪੰਜਾਬ ਸਰਕਾਰ ਅਤੇ ਡਾਇੰਗ ਐਸੋਸੀਏਸ਼ਨ ਕਸੂਤੀ ਸਥਿਤੀ ਵਿੱਚ ਫਸ ਗਏ ਹਨ।
ਉਕਤ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਸਰਾਸਰ ਧੋਖਾ ਕੀਤਾ ਹੈ ਅਤੇ ਪੰਜਾਬ ਦੇ ਲੋਕ ਸਰਕਾਰ ਦੇ ਇਸ ਰਵਈਏ ਨੂੰ ਕਦੇ ਮੁਆਫ ਨਹੀਂ ਕਰਨਗੇ। ਉਨ੍ਹਾਂ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਵਿੱਚ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਚੋਣ ਮੁੱਦਾ ਬਣਾਇਆ ਜਾਵੇ ਤੇ ਸੱਤਾਧਿਰ ਦੇ ਆਗੂਆਂ ਨੂੰ ਲੋਕਾਂ ਵਿੱਚ ਖੜ੍ਹਾ ਕੇ ਸਵਾਲ ਪੁੱਛੇ ਜਾਣ। ਉਨ੍ਹਾਂ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਚੱਲ ਰਹੇ ਕਿਸਾਨ ਅੰਦੋਲਨ ਕਾਰਨ 1 ਜਨਵਰੀ 2025 ਤੋਂ 14 ਅਪਰੈਲ ਤੱਕ ਕਾਲੇ ਪਾਣੀ ਦਾ ਮੋਰਚਾ ਸਾਰੇ ਪੰਜਾਬ ਅੰਦਰ ਇੱਕ ‘ਵਹਿਣ’ ਸ਼ੁਰੂ ਕਰੇਗਾ ਤੇ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਨੂੰ ਘੇਰੇਗਾ। ਉਨ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਦੇ ਨਾਲ ਖੜਨ ਦੀ ਅਪੀਲ ਵੀ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਮੋਰਚੇ ਦੇ ਆਗੂ ਇੰਜ ਕਪਿਲ ਅਰੋੜਾ, ਡਾ ਅਮਨਦੀਪ ਸਿੰਘ ਬੈਂਸ, ਮਹਿੰਦਰ ਪਾਲ ਲੂੰਬਾ, ਕਰਨਲ ਜਸਜੀਤ ਸਿੰਘ ਗਿੱਲ, ਦਲੇਰ ਸਿੰਘ ਡੋਡ ਅਤੇ ਗੁਰਪ੍ਰੀਤ ਸਿੰਘ ਪਲਾਹਾ ਵੀ ਹਾਜ਼ਰ ਸਨ।