ਸਰਕਾਰ ਦੀ ਬੇਰੁਖ਼ੀ ਕਾਰਨ ਖੰਡਰ ਬਣਨ ਲੱਗੀ ਸਿਟੀ ਸੈਂਟਰ ਦੀ ਇਮਾਰਤ
ਸੰਜੀਵ ਬੱਬੀ
ਚਮਕੌਰ ਸਾਹਿਬ, 7 ਜਨਵਰੀ
ਚਮਕੌਰ ਸਾਹਿਬ ਦੇ ਬੱਸ ਅੱਡੇ ਨੇੜੇ ਸੰਧੂਆਂ ਚੌਕ ਵਿੱਚ ਬਣਿਆ ਸਿਟੀ ਸੈਂਟਰ ਸਾਲ 2021 ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਿੱਜੀ ਦਿਲਚਸਪੀ ਨਾਲ ਸ਼ੁਰੂ ਕਰਵਾਇਆ ਗਿਆ ਸੀ। ਇਸ ਇਮਾਰਤ ਨੂੰ ਮੁਕੰਮਲ ਕਰਨ ਲਈ ਕਰੋੜਾਂ ਰੁਪਏ ਖ਼ਰਚ ਹੋਏ ਪਰ ਇਸ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਇੱਕ ਲਾਇਬਰੇਰੀ, ਔਰਤਾਂ ਲਈ ਜਿਮ ਸਣੇ ਨੇੜਲੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਮਗਰੋਂ ਪਾਰਕ ਬਣਾਉਣ ਦੀ ਤਜਵੀਜ਼ ਸੀ। ਸਿਟੀ ਸੈਂਟਰ ਦੀ ਇਮਾਰਤ ਤਤਕਾਲੀ ਮੁੱਖ ਮੰਤਰੀ ਸ੍ਰੀ ਚੰਨੀ ਦੇ ਸਮੇਂ ਹੀ ਬਣ ਕੇ ਤਿਆਰ ਹੋ ਗਈ। ਇਸ ਦਾ ਉਦਘਦਟਨ ਵੀ ਉਨ੍ਹਾਂ ਵਿਸ਼ੇਸ਼ ਸਮਾਗਮ ਦੌਰਾਨ ਕੀਤਾ ਸੀ ਪਰ ਸੱਤਾ ਬਦਲਦਿਆਂ ਹੀ ਚਮਕੌਰ ਸਾਹਿਬ ਮੁੱਖ ਸੜਕ ’ਤੇ ਪੈਂਦੀ ਇਸ ਇਮਾਰਤ ਨੂੰ ਨਵੀਂ ਸਰਕਾਰ ਨੇ ਅਣਗੌਲਿਆਂ ਕਰ ਦਿੱਤਾ। ਹੁਣ ਇਸ ਇਮਾਰਤ ਦੀ ਹਾਲਤ ਇਹ ਹੈ ਕਿ ਇਸ ਵਿੱਚ ਸਰਕੰਡਾ ਉੱਗ ਗਿਆ ਹੈ ਤੇ ਜੰਗਲੇ ਵੀ ਡਿੱਗਣੇ ਸ਼ੁਰੂ ਹੋ ਗਏ ਹਨ। ਇਹ ਇਮਾਰਤ ਮੁਕੰਮਲ ਹੋਣ ਦੇ ਬਾਵਜੂਦ ਲੋਕਾਂ ਲਈ ਲਾਹੇਵੰਦ ਨਹੀਂ ਬਣ ਸਕੀ।
ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ, ਸੂਬਾ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਪ੍ਰਧਾਨ ਪੈਨਸ਼ਨਰ ਮਹਾਂ ਸੰਘ ਧਰਮਪਾਲ ਸੋਖਲ ਅਤੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਮੁੱਖ ਮੰਤਰੀ ਅਤੇ ਸੈਰ ਸਪਾਟਾ ਮੰਤਰੀ ਤੋਂ ਮੰਗ ਕੀਤੀ ਹੈ ਕਿ ਸਿਟੀ ਸੈਂਟਰ ਦੀ ਇਮਾਰਤ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ।
ਇਸ ਸਬੰਧੀ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੀਡਬਲਿਊਡੀ ਨੂੰ ਇਮਾਰਤ ਦੀ ਬੋਲੀ ਲਈ ਕਿਹਾ ਗਿਆ ਹੈ ਜੋ ਜਲਦੀ ਹੋਣ ਦੀ ਉਮੀਦ ਹੈ।