ਸਰਕਾਰ ਤੇ ਕਿਸਾਨਾਂ ਦੀ ਖਿੱਚੋਤਾਣ ਕਾਰਨ ਹਾਈਵੇਅ ਦਾ ਪ੍ਰਾਜੈਕਟ ਲਟਕਿਆ
ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 11 ਦਸੰਬਰ
ਸ੍ਰੀ ਹਰਗੋਬਿੰਦਪੁਰ-ਅੰਮ੍ਰਿਤਸਰ ਸੜਕ ਨੈਸ਼ਨਲ ਹਾਈਵੇਅ ਪ੍ਰੋਜੈਕਟ ਅਧੀਨ ਮਨਜ਼ੂਰ ਹੋਈ ਹੈ ਤੇ ਇਹ ਸੜਕ ਐਨਐਚਏਆਈ ਵੱਲੋਂ ਪੰਜਾਬ ਵਿੱਚ ਅੰਮ੍ਰਿਤਸਰ ਤੋਂ ਟਾਂਡਾ ਨੈਸ਼ਨਲ ਹਾਈਵੇਅ ਦੇ ਨਾਂ ਹੇਠ ਬਣਾਈ ਜਾ ਰਹੀ ਹੈ ਜਿਸ ਵਿੱਚ ਅੰਮ੍ਰਿਤਸਰ ਵਾਲੇ ਪਾਸੇ ਦਾ ਕੁਝ ਹਿੱਸਾ ਤਾਂ ਬਣਾ ਲਿਆ ਗਿਆ ਹੈ ਪਰ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਪੈਂਦੇ ਰਕਬੇ ਵਿੱਚ ਸੜਕ ਨਹੀਂ ਬਣਾਈ ਜਾ ਰਹੀ ਜਿਸ ਨਾਲ ਰਾਹਗੀਰਾਂ ਦਾ ਇਸ ਸੜਕ ਤੋਂ ਲੰਘਣਾ ਬੇਹੱਦ ਮੁਸ਼ਕਲ ਹੋਇਆ ਪਿਆ ਹੈ ਤੇ ਸੜਕ ਦੀ ਖਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ ਹਨ।
ਸੜਕ ’ਤੇ ਜ਼ਿਆਦਾ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੇਂਦਰ ਸਰਕਾਰ ਵੱਲੋਂ ਇਸ ਸੜਕ ਨੂੰ ਨੈਸ਼ਨਲ ਹਾਈਵੇਅ ਪ੍ਰੋਜੈਕਟ ਅਧੀਨ ਲਿਆ ਕੇ ਕਰੋੜਾਂ ਰੁਪਏ ਖਰਚ ਕੀਤੇ ਹਨ ਪਰ ਸਰਕਾਰ ਤੇ ਕਿਸਾਨਾਂ ਦੀ ਖਿਚੋਤਾਣ ਕਰਕੇ ਇਹ ਪ੍ਰੋਜੈਕਟ ਲਟਕਿਆ ਹੋਇਆ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਇਸ ਸੜਕ ਤੋਂ ਰੋਜ਼ਾਨਾ ਲੰਘਣ ਵਾਲੇ ਨੌਕਰੀਪੇਸ਼ਾ, ਵਿਦਿਆਰਥੀਆਂ, ਬੱਸ ਮਾਲਕਾਂ, ਸ਼ਰਧਾਲੂਆਂ ਤੇ ਰਾਹਗੀਰਾਂ ਨੇ ਦੱਸਿਆ ਕਿ ਇਹ ਸੜਕ ਸ੍ਰੀ ਹਰਗੋਬਿੰਦਪੁਰ ਤੇ ਆਸ ਪਾਸ ਦੇ ਪਿੰਡਾਂ ਨੂੰ ਅੰਮ੍ਰਿਤਸਰ, ਬਿਆਸ, ਟਾਂਡਾ, ਚੰਡੀਗੜ੍ਹ ਤੇ ਕਈ ਗੁਰਧਾਮ ਆਦਿ ਨਾਲ ਮਿਲਾਉਂਦੀ ਹੈ ਪਰ ਇਸ ਦੇ ਬਾਵਜੂਦ ਸਰਕਾਰ ਦਾ ਇਸ ਸੜਕ ਪ੍ਰਤੀ ਕੋਈ ਧਿਆਨ ਨਹੀਂ ਹੈ। ਹਲਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲੋਹੜੀ ਮੌਕੇ ਘੁਮਾਣ ਵਿੱਚ ਬਾਬਾ ਨਾਮਦੇਵ ਦਰਬਾਰ ਵਿਖੇ ਮੇਲਾ ਮਨਾਇਆ ਜਾਵੇਗਾ ਜਿਸ ਵਿੱਚ ਦੇਸ਼ ਭਰ ਵਿਚੋਂ ਸੰਗਤਾਂ ਸ਼ਮੂਲੀਅਤ ਕਰਨਗੀਆਂ ਜੋ ਇਸ ਸੜਕ ਰਾਹੀਂ ਹੀ ਦਰਬਾਰ ਵਿੱਚ ਪੁੱਜਣਗੀਆਂ, ਇਸ ਲਈ ਇਸ ਸੜਕ ਨੂੰ ਜਲਦ ਬਣਾਇਆ ਜਾਵੇ।
ਕੈਪਸ਼ਨ: ਸ੍ਰੀ ਹਰਗੋਬਿੰਦਪੁਰ-ਅੰਮ੍ਰਿਤਸਰ ਦੀ ਖਸਤਾ ਹਾਲਤ ਸੜਕ ਤੋਂ ਗੁਜ਼ਰਦੇ ਹੋਏ ਵਾਹਨ।