ਸਰਕਾਰ ਝੋਨੇ ਦੀ ਕਿਸਮ ਪੂਸਾ-144 ਨਹੀਂ ਖ਼ਰੀਦੇਗੀ: ਮਾਨ
ਬੀਰਬਲ ਰਿਸ਼ੀ
ਧੂਰੀ, 21 ਮਈ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਵਰਾਇਟੀਆਂ ਹੀ ਲਾਉਣ ਦੀ ਸਲਾਹ ਦਿੰਦਿਆਂ ਸਪੱਸ਼ਟ ਤੌਰ ’ਤੇ ਆਖਿਆ ਕਿ ਝੋਨੇ ਦੀ ਪੂਸਾ-144 ਵਰਾਇਟੀ ਨਹੀਂ ਖ਼ਰੀਦੀ ਜਾਵੇਗੀ। ਮੁੱਖ ਮੰਤਰੀ ਅੱਜ ਪਿੰਡ ਘਨੌਰ ਕਲਾਂ ਵਿੱਚ ਇਲਾਕੇ ਦੇ ਪੰਜ ਪਿੰਡਾਂ ਦੀਆਂ ਪੰਚਾਇਤਾਂ ਤੇ ਪਾਰਟੀ ਦੇ ਚੋਣਵੇਂ ਆਗੂਆਂ ਨਾਲ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਹੈ, ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਰਾਤ ਸਮੇਂ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਪੰਜਾਬ ਦੀ ਚਾਲੂ ਵਿੱਤੀ ਵਰ੍ਹੇ 2025-2026 ਲਈ ਕਰਜ਼ਾ ਹੱਦ ’ਚ ਕਟੌਤੀ ਸਬੰਧੀ ਕਿਹਾ ਕਿ ਕੇਂਦਰ, ਪੰਜਾਬ ਨੂੰ ਠਿੱਬੀ ਲਾਉਣ ਲਈ ਹਮੇਸ਼ਾ ਮੌਕੇ ਦੀ ਤਾਕ ’ਚ ਰਹਿੰਦਾ ਹੈ। ਪੰਜਾਬ ਦੇ ਇੱਕ ਅਗਨੀਵੀਰ ਦੇ ਪਰਿਵਾਰ ਨੂੰ ਸਨਮਾਨ ਰਾਸ਼ੀ ਨਾ ਦਿੱਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਫੌਜ ਨਾਲ ਉਨ੍ਹਾਂ ਕੋਈ ਮਸਲਾ ਹੈ ਜਦੋਂ ਵੀ ਮਸਲਾ ਹੱਲ ਹੋ ਗਿਆ ਤਾਂ ਪੰਜਾਬ ਸਰਕਾਰ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹਨ ਤੋਂ ਪਿੱਛੇ ਨਹੀਂ ਹਟੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ’ਚ 1.21 ਕਰੋੜ ਦੀ ਲਾਗਤ ਨਾਲ ਪੁਰਾਣੀ ਤਹਿਸੀਲ ਇਮਾਰਤ ਨੂੰ ਨਵੀਂ ਦਿੱਖ ਦੇ ਕੇ ਤਿਆਰ ਕੀਤੇ ਮੁੱਖ ਮੰਤਰੀ ਸਹਾਇਤਾ ਕੇਂਦਰ, ਧੂਰੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ’ਚ ਲੋਕਾਂ 51 ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਹ ਕੰਮ 22 ਮਈ ਤੋਂ ਹੀ ਸ਼ੁਰੂ ਹੋ ਜਾਵੇਗਾ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਘਨੌਰ ਕਲਾਂ ’ਚ ਘਨੌਰ, ਘਨੌਰੀ ਕਲਾਂ, ਘਨੌਰ ਖੁਰਦ, ਚਾਂਗਲੀ ਤੇ ਕਾਤਰੋਂ ਦੇ ਸਰਪੰਚਾਂ ਨਾਲ ਮੀਟਿੰਗ ਵੀ ਕੀਤੀ।
ਪੁਲੀਸ ਨੇ ਕਾਂਗਰਸੀ ਆਗੂ ਦੌਲਤਪੁਰ ਨੂੰ ਹਿਰਾਸਤ ’ਚ ਲਿਆ