ਸਰਕਾਰ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਲੱਭਣ ਲੱਗੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਦਿੱਲੀ ਵਿੱਚ ਅਵਾਰਾ ਕੁੱਤਿਆਂ ਦੇ ਖ਼ਤਰੇ ਦਾ ਲੰਬੇ ਸਮੇਂ ਦਾ ਹੱਲ ਲੱਭ ਰਹੀ। ਮੁੱਖ ਮੰਤਰੀ ਆਪਣੇ ਸ਼ਾਲੀਮਾਰ ਬਾਗ ਹਲਕੇ ਅਧੀਨ ਪੀਤਮਪੁਰਾ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਇਸ ਸਮਾਗਮ ਵਿੱਚ ਬਜ਼ੁਰਗ ਔਰਤ ਨੇ ਅਵਾਰਾ ਕੁੱਤਿਆਂ ਦੇ ਖ਼ਤਰੇ ਦਾ ਮੁੱਦਾ ਉਠਾਇਆ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਅਵਾਰਾ ਕੁੱਤਿਆਂ ਕਾਰਨ ਸਮੱਸਿਆਵਾਂ ਨੂੰ ਹੱਲ ਕਰਨ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਬਾਸ਼ਿੰਦਿਆਂ ਦੇ ਨਾਲ-ਨਾਲ ਇਨ੍ਹਾਂ ਜਾਨਵਰਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਇਕੱਠੇ ਕਰਨ ਲਈ ਇੱਕ ਪਲੇਟਫਾਰਮ ਤਿਆਰ ਕਰ ਰਹੀ ਹੈ। ਇੱਕ ਕਾਨੂੰਨ ਮੁਤਾਬਕ ਆਵਾਰਾ ਕੁੱਤਿਆਂ ਨੂੰ ਆਸਰਾ-ਘਰਾਂ ਵਿੱਚ ਨਹੀਂ ਰੱਖਿਆ ਜਾ ਸਕਦਾ ਜਾਂ ਉਨ੍ਹਾਂ ਗਲੀਆਂ ਤੋਂ ਉਜਾੜਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਲੰਬੇ ਸਮੇਂ ਦੇ ਹੱਲ ਦੀ ਭਾਲ ਕਰ ਰਹੀ ਹੈ। ਇਹ ਇੱਕ ਨੀਤੀਗਤ ਮਾਮਲਾ ਹੋਵੇਗਾ ਜਿਸ ’ਤੇ ਕੰਮ ਚੱਲ ਰਿਹਾ ਹੈ। ਦਿੱਲੀ ਹਾਈ ਕੋਰਟ ਨੇ ਸ਼ਹਿਰ ਦੇ ਸਰਕਾਰੀ ਅਧਿਕਾਰੀਆਂ ਨੂੰ ਸੰਸਥਾਗਤ ਪੱਧਰ ’ਤੇ ਅਵਾਰਾ ਕੁੱਤਿਆਂ ਦੇ ਪੁਨਰਵਾਸ ਲਈ ਇੱਕ ਨੀਤੀ ਬਣਾਉਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਨੂੰ ਜਨਤਕ ਸੜਕਾਂ ਅਤੇ ਗਲੀਆਂ ਵਿੱਚੋਂ ਪੜਾਅਵਾਰ ਬਾਹਰ ਕੱਢਿਆ ਜਾ ਸਕੇ। ਆਮ ਲੋਕਾਂ ਨੂੰ ਦਰਪੇਸ਼ ਵੱਡੀ ਸਮੱਸਿਆ ਦੇ ਮੱਦੇਨਜ਼ਰ ਅਦਾਲਤ ਨੇ ਕਿਹਾ ਕਿ ਨੀਤੀ ਬਣਾਉਣ ਲਈ ਸਰਕਾਰ, ਦਿੱਲੀ ਨਗਰ ਨਿਗਮ (ਐੱਮਸੀਡੀ) ਅਤੇ ਭਾਰਤੀ ਪਸ਼ੂ ਭਲਾਈ ਬੋਰਡ ਵੱਲੋਂ ਆਪਸੀ ਤਾਲਮੇਲ ਵਾਲੇ ਯਤਨਾਂ ਦੀ ਲੋੜ ਸੀ।