ਸਰਕਾਰੀ ਬੇਰੁਖ਼ੀ: ਕੌਮੀ ਮਾਰਗ ’ਤੇ ਬੱਤੀ ਗੁੱਲ, ਬੂਟੇ ਮੁਰਝਾਏ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 11 ਦਸੰਬਰ
ਕੋਟਕਪੂਰਾ-ਬਠਿੰਡਾ ਨੈਸ਼ਨਲ ਹਾਈਵੇ 54, ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੀ ਬੇਰੁਖੀ ਦਾ ਸ਼ਿਕਾਰ ਹੈ। ਕੌਮੀ ਮਾਰਗ ਵਿਚਾਲੇ ਫੁੱਟਪਾਥ ’ਤੇ ਹਰਿਆਲੀ ਲਈ ਲਾਏ ਸੈਂਕੜੇ ਬੂਟੇ ਪਾਣੀ ਨਾ ਮਿਲਣ ਕਾਰਨ ਸੁੱਕ ਰਹੇ ਹਨ ਅਤੇ ਰੌਸ਼ਨੀ ਲਈ ਲਾਈਆਂ ਲਾਈਟਾਂ ਵੀ ਬੰਦ ਪਈਆਂ ਹਨ। ਰਾਤ ਨੂੰ ਹਨੇਰੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਜੰਮੂ ਤੱਕ ਜਾਣ ਵਾਲਾ ਇਹ ਕੌਮੀ ਮਾਰਗ ਕੋਟਕਪੂਰਾ ਵਿਚੋਂ ਲੰਘਦਾ ਹੈ ਅਤੇ ਅੱਗੇ ਅੰਮ੍ਰਿਤਸਰ ਵੱਲ ਜਾਂਦਾ ਹੈ। ਇਸ ਹਾਈਵੇ ’ਤੇ ਸੈਂਕੜੇ ਬੂਟੇ ਲਾਏ ਗਏ ਹਨ ਪਰ ਇਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਕਿਸੇ ਨੇ ਪਾਣੀ ਨਹੀਂ ਲਾਇਆ ਜਿਸ ਕਰਕੇ ਬੂਟੇ ਤਾਂ ਸੁੱਕ ਹੀ ਰਹੇ ਹਨ, ਨਾਲ-ਨਾਲ ਘਾਹ ਵੀ ਸੁੱਕ ਗਿਆ ਹੈ। ਹਾਈਵੇਅ ਉਪਰ ਜੂਸ ਦਾ ਕੰਮ ਕਰਨ ਵਾਲੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਕਦੇ ਵੀ ਕਿਸੇ ਕਾਮੇ ਨੂੰ ਇਥੇ ਸਫਾਈ ਕਰਦੇ ਜਾਂ ਬੂਟਿਆਂ ਨੂੰ ਪਾਣੀ ਦਿੰਦੇ ਨਹੀਂ ਦੇਖਿਆ। ਉਨ੍ਹਾਂ ਦੱਸਿਆ ਕਿ ਇਥੇ ਲਾਈਆਂ ਲਾਈਟਾਂ ਵੀ ਕਦੇ ਰਾਤ ਨੂੰ ਜਗਦੀਆਂ ਨਹੀਂ ਦੇਖੀਆਂ। ਰੇਸ਼ਮ ਸਿੰਘ ਨੇ ਦੱਸਿਆ ਕਿ ਹਾਈਵੇ ’ਤੇ ਥਾਂ-ਥਾਂ 6-6 ਫੁੱਟ ਉੱਚੇ ਅੱਕ ਉੱਗਿਆ ਹੋਇਆ। ਉਨ੍ਹਾਂ ਦੱਸਿਆ ਕਿ ਸਫ਼ਾਈ ਲਈ ਲਾਏ ਕਰਮਚਾਰੀ ਇਸ ਹਾਈਵੇ ਦੇ ਪਿੰਡਾਂ ਵਾਲੇ ਪਾਸੇ ਨਹੀਂ ਪਹੁੰਚਦੇ।
ਇਸ ਸਬੰਧੀ ਬੀ ਐਂਡ ਆਰ ਵਿਭਾਗ ਦੇ ਅਧਿਕਾਰੀ ਸਵਰਨ ਸਿੰਘ ਨੇ ਦੱਸਿਆ ਕਿ ਕੌਮੀ ਮਾਰਗ ਦੀ ਇਸ ਸਥਿਤੀ ਬਾਰੇ ਉਨ੍ਹਾਂ ਹਾਈਵੇਅ ਅਥਾਰਿਟੀ ਆਫ ਇੰਡੀਆ ਨੂੰ ਲਿਖਤੀ ਰੂਪ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਅਥਾਰਿਟੀ ਨੂੰ ਲਾਈਟਾਂ ਨੂੰ ਠੀਕ ਕਰਨ ਅਤੇ ਬੂਟਿਆਂ ਨੂੰ ਪਾਣੀ ਲਾਉਣ ਦਾ ਯੋਗ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।