ਸਰਕਾਰੀ ਜ਼ਮੀਨ ’ਤੇ ਕਬਜ਼ੇ ਸਬੰਧੀ ਬੀਬੀਐੱਮਬੀ ਦੀ ਚੁੱਪ ’ਤੇ ਸਵਾਲ
ਦੀਪਕ ਠਾਕੁਰ
ਤਲਵਾੜਾ, 24 ਮਈ
ਇੱਥੇ ਤਲਵਾੜਾ ਟੈਰਸ ਰੋਡ ’ਤੇ ਕਰਾਸਿੰਗ ਨੰਬਰ- 2 ’ਤੇ ਸਰਕਾਰੀ ਜ਼ਮੀਨ ਉੱਤੇ ਭੂ ਮਾਫੀਆ ਵੱਲੋਂ ਕੀਤੇ ਜਾ ਰਹੇ ਕਬਜ਼ੇ ਨੂੰ ਲੈ ਕੇ ਬੀਬੀਐਮਬੀ ਪ੍ਰਸ਼ਾਸਨ ਦੀ ਚੁੱਪੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਰਟੀਆਈ ਕਾਰਕੁਨ ਬੀਰਬਲ ਸਿੰਘ ਨੇ ਦੱਸਿਆ ਕਿ ਪੌਂਗ ਡੈਮ ਦੀ ਉਸਾਰੀ ਦੌਰਾਨ ਬੀਬੀਐੱਮਬੀ ਪ੍ਰਸ਼ਾਸਨ ਨੇ ਤਲਵਾੜਾ ਖ਼ੇਤਰ ’ਚ ਕਲੋਨੀ ਅਤੇ ਡੈਮ ਨੂੰ ਸੜਕ ਦੀ ਉਸਾਰੀ ਲਈ ਕਾਫ਼ੀ ਜ਼ਮੀਨ ਐਕੁਆਇਰ ਕੀਤੀ ਸੀ। ਹਦਬਸਤ ਨੰਬਰ 604 ’ਚ ਪੁਰਾਣੇ ਰਿਕਾਰਡ ਮੁਤਾਬਕ ਖਸਰਾ ਨੰਬਰ 1631 ਨੇੜੇ ਕਰਾਸਿੰਗ ਨੰਬਰ 2 ’ਚ ਕੁੱਲ ਰਕਬਾ ਚਾਰ ਕਨਾਲ ਅੱਠ ਮਰਲੇ ਪੈਂਦਾ ਹੈ ਜਿਸ ਨੂੰ ਬੀਬੀਐੱਮਬੀ ਨੇ ਦੋ ਵਾਰ ਐਕੁਆਇਰ ਕੀਤਾ ਹੈ। ਪਹਿਲੇ ਪੜਾਅ ’ਚ ਦੋ ਕਨਾਲ ਨੌਂ ਮਰਲੇ ਅਤੇ ਦੂਜੇ ਪੜਾਅ ’ਚ ਇੱਕ ਕਨਾਲ 19 ਮਰਲੇ ਜ਼ਮੀਨ ਐਕੁਆਇਰ ਕੀਤੀ। ਹੁਣ ਭੂ ਮਾਫੀਆ ਵੱਲੋਂ ਬੀਬੀਐੱਮਬੀ ਦੀ ਇੱਕ ਕਨਾਲ 19 ਮਰਲੇ ਜ਼ਮੀਨ ’ਤੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਰਬਲ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਇਸ ਸਬੰਧੀ ਬੀਬੀਐੱਮਬੀ ਦੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਜ਼ਮੀਨ ’ਤੇ ਹੋ ਰਹੇ ਕਬਜ਼ੇ ਨੂੰ ਰੋਕਣ ਲਈ ਪੱਤਰ ਵਿਹਾਰ ਵੀ ਕੀਤਾ ਪਰ ਬੀਬੀਐਮਬੀ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ। ਭੂ ਮਾਫੀਆ ਵੱਲੋਂ ਛੁੱਟੀ ਵਾਲੇ ਦਿਨ ਹੀ ਉਕਤ ਜ਼ਮੀਨ ’ਤੇ ਕੰਮ ਕੀਤਾ ਜਾਂਦਾ ਹੈ। ਬੀਬੀਐੱਮਬੀ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਮੰਨਿਆ ਕਿ ਸ਼ਹਿਰ ਦੇ ਵਿੱਚ ਪੈਂਦੀ ਜ਼ਮੀਨ ਬੀਬੀਐੱਮਬੀ ਦੀ ਹੈ। ਇਸ ਸਬੰਧੀ ਪ੍ਰਸ਼ਾਸਨ ਨੇ ਐੱਸਡੀਐੱਮ ਮੁਕੇਰੀਆਂ ਨੂੰ ਵੀ ਪੱਤਰ ਲਿਖਿਆ ਹੈ। ਬੀਬੀਐੱਮਬੀ ਚੀਫ਼ ਇੰਜਨੀਅਰ ਰਾਕੇਸ਼ ਗੁਪਤਾ ਨੇ ਕਿਹਾ ਕਿ ਉਨ੍ਹਾਂ ਹੁਣੇ ਹੀ ਬਤੌਰ ਚੀਫ਼ ਇੰਜਨੀਅਰ ਜੁਆਇੰਨ ਕੀਤਾ ਹੈ। ਉਨ੍ਹਾਂ ਮਾਮਲੇ ’ਤੇ ਨੋਟਿਸ ਲੈ ਕੇ ਜਲਦੀ ਹੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।