ਸਰਕਾਰੀ ਆਈਟੀਆਈ ਦੀ ਥਾਂ ’ਤੇ ਕਬਜ਼ੇ ਦੀ ਕੋਸ਼ਿਸ਼
ਪਰਮਜੀਤ ਸਿੰਘ
ਫਾਜ਼ਿਲਕਾ, 27 ਦਸੰਬਰ
ਰਸੂਖ਼ਵਾਨ ਆਗੂਆਂ ਦੀ ਸ਼ਹਿ ’ਤੇ ਸਥਾਨਕ ਸਰਕਾਰੀ ਆਈਟੀਆਈ ਦੀ ਥਾਂ ’ਤੇ ਮੁੜ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰੀ ਆਈਟੀਆਈ ਦੇ ਪ੍ਰਿੰਸੀਪਲ ਵੱਲੋਂ ਡੀਸੀ ਨੂੰ ਦਰਖ਼ਾਸਤ ਦੇ ਦਿੱਤੀ ਗਈ ਹੈ ਪਰੰਤੂ ਸ਼ਾਇਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅੱਜ ਛੁੱਟੀ ਵਾਲੇ ਦਿਨ ਦਾ ਫਾਇਦਾ ਉਠਾਉਣ ਲਈ ਕਬਜ਼ਾਧਾਰਕਾਂ ਵੱਲੋਂ ਸਰਕਾਰੀ ਆਈਟੀਆਈ ਸਾਹਮਣੇ ਇੱਟਾਂ ਸੁੱਟ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਜਿਵੇਂ ਹੀ ਸਰਕਾਰੀ ਆਈਟੀਆਈ ਦੇ ਇੰਸਟੱਕਟਰਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਕਾਰਕੁਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਉਥੇ ਪਹੁੰਚ ਕੇ ਥਾਣਾ ਸਿਟੀ ਕੋਲ ਸ਼ਿਕਾਇਤ ਕੀਤੀ।
ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ, ਜ਼ਿਲ੍ਹਾ ਸਕੱਤਰ ਸੁਬੇਗ ਝੰਗੜਭੈਣੀ, ਬਲਾਕ ਫਾਜ਼ਿਲਕਾ ਦੇ ਪ੍ਰਧਾਨ ਕੁਲਦੀਪ ਬੱਖੂ ਸ਼ਾਹ, ਗੁਰਦਿਆਲ ਢਾਬਾਂ, ਏਆਈਐਸਐਫ ਦੇ ਜ਼ਿਲ੍ਹਾ ਕੌਂਸਲ ਮੈਂਬਰ ਸਤੀਸ਼ ਕੁਮਾਰ ਛੱਪੜੀ ਵਾਲਾ ਨੇ ਸਰਕਾਰੀ ਆਈਟੀਆਈ ਦੀ ਜਗ੍ਹਾ ’ਤੇ ਨਜਾਇਜ਼ ਕਬਜ਼ਾ ਕਰਨ ਲਈ ਸੁੱਟੀਆਂ ਇੱਟਾਂ ਦਿਖਾਉਂਦੇ ਹੋਏ ਕਿਹਾ ਕਿ ਰਸੂਖ਼ਵਾਨ ਆਗੂਆਂ ਵੱਲੋਂ ਨਜਾਇਜ਼ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰੀ ਆਈਟੀਆਈ ਦੇ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਅਤੇ ਪੁਲੀਸ ਪ੍ਰਸ਼ਾਸਨ ਨੂੰ ਵੀ ਲਿਖਤੀ ਦਰਖਾਸਤਾਂ ਭੇਜ ਦਿੱਤੀਆਂ ਹਨ। ਹੁਣ ਵੀ ਸੰਸਥਾ ਵੱਲੋਂ ਜਿਲੇ ਦੀ ਡਿਪਟੀ ਕਮਿਸ਼ਨਰ ਅਤੇ ਥਾਣਾ ਸਿਟੀ ਫਾਜ਼ਿਲਕਾ ਨੂੰ ਅੱਜ ਇਸ ਸਬੰਧੀ ਲਿਖਤੀ ਦਰਖਾਸਤ ਦਿੱਤੀ ਗਈ ਹੈ।