ਸਰਕਾਰਾਂ ਵੱਲੋਂ ਦੇਸ਼ ਤੇ ਪੰਜਾਬ ਦੇ ਵਿਗੜਦੇ ਹਲਾਤਾਂ ਪ੍ਰਤੀ ਗ਼ੈਰ ਸੰਜੀਦਗੀ ਦੀ ਐੱਮਸੀਆਈ (ਯੂ) ਵੱਲੋਂ ਨਿਖੇਧੀ
ਦੋਰਾਹਾ, 30 ਦਸੰਬਰ
ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਯੂਨਾਈਟਡ) ਦੇ ਮੈਬਰਾਂ ਦੀ ਇੱਕਤਰਤਾ ਅੱਜ ਇਥੇ ਪਵਨ ਕੁਮਾਰ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ਵ ਭਰ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਦੌਰਾਨ ਕੁਰਬਾਨ ਹੋਏ ਲੋਕਾਂ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਕਾਮਰੇਡ ਕੁਲਦੀਪ ਸਿੰਘ ਨੇ ਕੌਮਾਂਤਰੀ ਅਤੇ ਕੌਮੀ ਹਾਲਾਤ ਦਾ ਵਰਨਣ ਕਰਦਿਆਂ ਕਿਹਾ ਕਿ ਵਿਸ਼ਵ ਅੱਜ ਆਰਥਿਕ ਮੰਦਰੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਜ਼ਰਾਈਲ ਪਲਸਤੀਨ ਵਿਚਕਾਰ ਯੁੱਧ, ਰੂਸ ਯੁਕਰੇਨ ਯੁੱਧ, ਹੁਣ ਸੀਰੀਆ ਦੇ ਹਾਲਾਤ ਅਤੇ ਇਨ੍ਹਾਂ ਪ੍ਰਤੀ ਅਮਰੀਕਨ ਸਾਮਰਾਜ ਨੀਤੀ ਵਿਸ਼ਵ ਸ਼ਾਂਤੀ ਲਈ ਖਤਰਾ ਬਣੇ ਹੋਏ ਹਨ। ਸਰਕਾਰ ਦੀਆਂ ਫਿਰਕਾਪ੍ਰਸਤ ਅਤੇ ਏਕਾ ਅਧਿਕਾਰਵਾਦੀ ਨੀਤੀਆਂ ਦੇਸ਼ ਅੰਦਰ ਫ਼ਿਰਕੂ ਧਰੁਵੀਕਰਨ ਨੂੰ ਉਤਸ਼ਾਹਿਤ ਕਰਕੇ ਘੱਟ ਗਿਣਤੀ ਫ਼ਿਰਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਮਰੇਡ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਦੇਸ਼ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਆਪਣੀਆਂ ਹੱਕੀਂ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਕੁਚਲਣ ਲਈ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ। ਸਰਕਾਰ ਦੀ ਖੇਤੀ ਨੀਤੀ ਨੂੰ ਖਤਰਨਾਕ ਦੱਸਦਿਆਂ ਕਿਹਾ ਕਿ ਇਸ ਰਾਹੀਂ ਖੇਤੀ ਦਾ ਕਾਰਪੋਰੇਟੀਕਰਨ ਕੀਤੇ ਜਾਣਾ, ਠੇਕੇ ਤੇ ਅਧਾਰਿਤ ਖੇਤੀ ਕਰਨਾ, ਫਸਲਾਂ ਦੇ ਭਵਿੱਖੀ ਸੌਦੇ ਕਰਨਾ, ਸਮੁੱਖੇ ਅਨਾਜ ਤੇ ਕਬਜ਼ਾ ਕਰਨ ਦੀ ਨੀਤੀ ਅਧੀਨ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਅਧੀਨ ਲਿਆਉਣਾ ਅਤੇ ਮੰਡੀਕਰਨ ਦੀ ਨੀਤੀ ਆਦਿ ਸ਼ਾਮਲ ਹੈ। ਮੀਟਿੰਗ ਵਿਚ 9 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ਦਾ ਪੁਰਜ਼ੋਰ ਸਮਰਥਨ ਕੀਤਾ ਗਿਆ। ਇਸ ਮੌਕੇ ਜ਼ੋਰਾ ਸਿੰਘ, ਪ੍ਰੇਮ ਸਿੰਘ, ਇਕਬਾਲ ਸਿੰਘ, ਸਾਹਿਬ ਸਿੰਘ, ਗੁਰਪ੍ਰੀਤ ਨਾਸਤਿਕ, ਪਵਨ ਕੁਮਾਰ, ਮਲਕੀਤ ਸਿੰਘ ਤੇ ਹੋਰ ਹਾਜ਼ਰ ਸਨ।