ਸਰਕਾਰਾਂ ਤੋਂ ਇਨਸਾਫ਼ ਦੀ ਆਸ ਮੁੱਕੀ: ਬਲਕੌਰ ਸਿੰਘ
ਜੋਗਿੰਦਰ ਸਿੰਘ ਮਾਨ
ਮਾਨਸਾ, 29 ਮਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਆਪਣੇ ਪੁੱਤਰ ਦੇ ਇਨਸਾਫ਼ ਲਈ ਹੁਣ ਉਹ ਖੁਦ ਲੜਾਈ ਲੜਨਗੇ ਅਤੇ ਰਾਜਨੀਤੀ ਵਿਚ ਆ ਕੇ ਪੰਜਾਬ ਵਿਧਾਨ ਸਭਾ ’ਚ ਆਵਾਜ਼ ਚੁੱਕਣਗੇ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਕੋਲ ਵੀ ਗਿੜਗਿੜਾਏ ਤੇ ਪੰਜਾਬ ਵਿਧਾਨ ਸਭਾ ਅੱਗੇ ਵੀ ਧਰਨੇ ਦਿੱਤੇ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਹ ਅੱਜ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੀ ਤੀਸਰੀ ਬਰਸੀ ਸਮਾਗਮ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਹੁਣ ਉਹ ਮਜਬੂਰ ਹੋ ਗਏ ਹਨ ਕਿ ਉਹ ਖੁਦ ਇਹ ਲੜਾਈ ਲੜਨ ਅਤੇ ਰਾਜਨੀਤੀ ਵਿਚ ਆ ਕੇ ਪੰਜਾਬ ਵਿਧਾਨ ਸਭਾ ਅੰਦਰ ਆਵਾਜ਼ ਚੁੱਕਣ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਦੇ ਕਤਲ ਨੂੰ ਲੈ ਕੇ ਇਨਸਾਫ਼ ਖਾਤਰ ਕਿੱਥੇ ਨਹੀਂ ਗਏ। ਸਾਰਾ ਸਿਸਟਮ ਹੀ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵੀ ਸਾਰੇ ਕੇਸ ਨੂੰ ਅੱਖੋਂ-ਪਰੋਖੇ ਕੀਤਾ ਹੈ। ਉਨ੍ਹਾਂ ਕਿਹਾ, ‘‘ਹਾਲਤ ਇਹ ਹੋ ਗਈ ਕਿ ਹੁਣ ਜਦੋਂ ਮੈਂ ਪੇਸ਼ੀ ’ਤੇ ਜਾਂਦਾ ਹਾਂ ਤਾਂ ਗੈਂਗਸਟਰ ਮੈਨੂੰ ਟਿਚਰਾਂ ਕਰਦੇ ਹਨ ਕਿ ਆ ਗਿਆ ਸਿੱਧੂ ਮੂਸੇਵਾਲਾ ਦਾ ਪਿਓ ਇਨਸਾਫ਼ ਲੈਣ।’’ ਉਨ੍ਹਾਂ ਐਲਾਨ ਕੀਤਾ ਕਿ ਹੁਣ ਉਹ ਸਿਆਸਤ ਵਿਚ ਉੱਤਰਨਗੇ ਅਤੇ ਮਾਨਸਾ ਤੋਂ ਵਿਧਾਨ ਸਭਾ ਦੀ ਚੋਣ ਜਿੱਤ ਕੇ ਆਪਣੇ ਪੁੱਤ ਦੇ ਕਤਲ ਦੇ ਇਨਸਾਫ਼ ਲਈ ਅਤੇ ਇਲਾਕੇ ਦੇ ਵਿਕਾਸ ਲਈ ਵਿਧਾਨ ਸਭਾ ਵਿਚ ਅਵਾਜ਼ ਚੁੱਕਣਗੇ।
ਇਸ ਦੌਰਾਨ ਮਾਤਾ ਚਰਨ ਕੌਰ ਛੋਟੇ ਸਿੱਧੂ ਮੂਸੇਵਾਲਾ ਨੂੰ ਲੈਕੇ ਪੁੱਜੇ ਅਤੇ ਭਾਵੁਕ ਨਜ਼ਰ ਆਏ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਦਾ ਕੋਈ ਸ਼ੌਕ ਨਹੀਂ, ਪੁੱਤ ਦੇ ਕਤਲ ਦੇ ਇਨਸਾਫ਼ ਲਈ ਰਾਜਨੀਤੀ ਵਿਚ ਆਉਣਾ ਜ਼ਰੂਰੀ ਹੈ। ਇਸ ਮੌਕੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਗਾਇਕਾ ਜਸਵਿੰਦਰ ਬਰਾੜ, ਬਲਕਾਰ ਅਣਖੀਲਾ, ਗੁਲਾਬ ਸਿੱਧੂ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫਰ ਵੀ ਮੌਜੂਦ ਸਨ।