ਸਰਕਸ
ਬਾਲ ਕਾਵਿ
ਲਖਵਿੰਦਰ ਸਿੰਘ ਬਾਜਵਾ
ਪਿੰਡ ਸਾਡੇ ਗੱਡੀ ਆਈ
ਮੁਨਿਆਦੀ ਉਹਨੇ ਕਰਵਾਈ।
ਹਾਥੀ ਸ਼ੇਰਾਂ ਨਾਲ ਸਜਾਈਆਂ
ਫੋਟੋਆਂ ਅਜਬ ਓਸ ’ਤੇ ਲਾਈਆਂ।
ਕਹਿਣ ਅਨੰਦ ਉਠਾਓ ਭਾਈ
ਸ਼ਹਿਰ ਤੁਹਾਡੇ ਸਰਕਸ ਆਈ।
ਤਿੰਨ ਸ਼ੋਅ ਹਰ ਰੋਜ਼ ਵਿਖਾਈਏ।
ਸਭ ਲੋਕਾਂ ਦਾ ਮਨ ਪਰਚਾਈਏ।
ਏਦਾਂ ਉਨ੍ਹਾਂ ਮਨ ਭਰਮਾਇਆ
ਬੱਚਿਆਂ ਦਾ ਸੁਣ ਜੀ ਲਲਚਾਇਆ।
ਮੰਮੀ ਡੈਡੀ ਤਾਈਂ ਮਨਾ ਕੇ
ਪਹੁੰਚ ਗਏ ਸਰਕਸ ਵਿੱਚ ਜਾ ਕੇ।
ਉੱਥੇ ਅਜਬ ਜਲੌਅ ਬਣਾਇਆ
ਵੱਡਾ ਸਾਰਾ ਤੰਬੂ ਲਾਇਆ।
ਪਹਿਲਾਂ ਸਾਰੇ ਟਿਕਟ ਕਟਾ ਕੇ
ਬੈਠ ਗਏ ਫਿਰ ਅੰਦਰ ਜਾ ਕੇ।
ਫਿਰ ਆਈ ਇੱਕ ਅਜਬ ਆਵਾਜ਼
ਵੱਜਣ ਬੜੇ ਅਨੋਖੇ ਸਾਜ਼।
ਨਾਲ ਸਾਜ਼ ਦੇ ਕਰਕੇ ਮੇਲ
ਸ਼ੁਰੂ ਹੋਇਆ ਸਰਕਸ ਦਾ ਖੇਲ੍ਹ।
ਪਹਿਲਾਂ ਸਭ ਤੋਂ ਹਾਥੀ ਆਇਆ
ਉਸ ਗਣਪਤ ਨੂੰ ਸੀਸ ਝੁਕਾਇਆ।
ਉਸ ਦੇ ਪਿੱਛੋਂ ਜੋਕਰ ਆ ਕੇ
ਗਿਆ ਸਭ ਨੂੰ ਖ਼ੂਬ ਹਸਾ ਕੇ।
ਫਿਰ ਆਇਆ ਦਰਿਆਈ ਘੋੜਾ
ਕਾਲੇ ਰਿੱਛਾਂ ਦਾ ਇੱਕ ਜੋੜਾ।
ਹਾਥੀ ਰਿਕਸ਼ਾ ਫਿਰੇ ਚਲਾਉਂਦਾ
ਰਿੱਛ ਵੀ ਸਾਈਕਲ ਖ਼ੂਬ ਭਜਾਉਂਦਾ।
ਲੜਕੀ ਕਰਤਬ ਢੇਰ ਵਿਖਾਏ
ਇੱਕ ਚੱਕੇ ਨੂੰ ਬੈਠ ਭਜਾਏ।
ਉਲਟਾ ਸਿੱਧਾ ਟਾਇਰ ਘੁੰਮਾਏ
ਵਾਂਗ ਭੰਬੀਰੀ ਘੁੰਮਦੀ ਜਾਏ।
ਵੱਡਾ ਪਿੰਜਰਾ ਗੋਲ ਲਿਆਏ
ਉਸ ਵਿੱਚ ਸਾਈਕਲ ਖ਼ੂਬ ਚਲਾਏ।
ਫਿਰ ਦੋ ਮੋਟਰਸਾਈਕਲ ਆਏ
ਪਿੰਜਰੇ ਅੰਦਰ ਬੰਦ ਕਰਾਏ।
ਸਮਝ ਨਾ ਆਏ ਇਹ ਕੀ ਪੀਰੀ
ਘੁੰਮਦੇ ਵੇਖੇ ਵਾਂਗ ਭੰਬੀਰੀ।
ਲੜਕੀ ਤੁਰੀ ਤਾਰ ’ਤੇ ਜਾਵੇ
ਵਾਹ! ਕੈਸਾ ਸੰਤੁਲਨ ਬਣਾਵੇ।
ਤਾਰ ਉੱਤੇ ਸਾਈਕਲ ਚਲਾ ਕੇ
ਗਈ ਮਨਾਂ ’ਤੇ ਜਾਦੂ ਪਾ ਕੇ।
ਵਿੱਚ ਵਿੱਚ ਜੋਕਰ ਗੇੜਾ ਲਾ ਕੇ
ਜਾਵੇ ਜਨਤਾ ਖ਼ੂਬ ਹਸਾ ਕੇ।
ਕਲਾ ਕਮਾਲ, ਦੇਖ ਦਿਲ ਠਰ ਗਏ
ਖੇਲ੍ਹ ਅਨੰਦ ਮਨਾਂ ਵਿੱਚ ਭਰ ਗਏ।
ਕੁੜੀਆਂ ਐਸਾ ਖੇਲ੍ਹ ਵਿਖਾਵਣ
ਦਰਸ਼ਕ ਮੂੰਹ ਵਿੱਚ ਉਂਗਲਾਂ ਪਾਵਣ।
ਏਨੇ ਅੰਗ ਲਿਫਾ ਕੇ ਮੋੜਨ
ਸਿਰ ਪੈਰਾਂ ਦੇ ਅੰਦਰ ਜੋੜਨ।
ਏਨੀ ਲਚਕ ਵਿਖਾਵਣ ਜਣੀਆਂ
ਜਾਪਣ ਬਿਨ ਹੱਡੀ ਤੋਂ ਬਣੀਆਂ।
ਕਰਤਬ ਖ਼ੂਬ ਵਿਖਾਏ ਬੌਣਾ
ਚਾਬੀ ਵਾਲਾ ਜਿਵੇਂ ਖਿਡਾਉਣਾ।
ਘੋੜੇ ’ਤੇ ਇੱਕ ਲੜਕੀ ਆਈ
ਓਸ ਕਲਾ ਦੀ ਹੱਦ ਮੁਕਾਈ।
ਪੰਜ ਛੇ- ਬੱਬਰ ਸ਼ੇਰ ਲਿਆਏ
ਬੱਕਰਿਆਂ ਦੇ ਨਾਲ ਬਹਾਏ।
ਹੋਰ ਅਨੇਕਾਂ ਖੇਲ੍ਹ ਵਿਖਾਏ
ਵੇਖ ਵੇਖ ਮਨ ਠਰਦਾ ਜਾਏ।
ਫਿਰ ਪੀਘਾਂ ਦੀ ਵਾਰੀ ਆਈ
ਅਜਬ ਕਲਾ ਉਨ੍ਹਾਂ ਦਿਖਲਾਈ।
ਲੰਘਿਆ ਸਮਾਂ ਪਤਾ ਨਾ ਲੱਗਾ
ਖੇਲ੍ਹ ਖ਼ਤਮ ਦਾ ਸਾਇਰਨ ਵੱਜਾ।
ਸੁਪਨਾ ਟੁੱਟਿਆ ਹੋਈ ਨਿਰਾਸ਼ਾ
ਅਜੇ ਨਾ ਭਰਿਆ ਮਨ ਦਾ ਕਾਸਾ।
ਬਾਲ ਬਾਜਵਾ ਏਹੋ ਚਾਹਵਣ
ਮੁੜ ਵੇਖਣ ਨੂੰ ਜੀ ਲਲਚਾਵਣ।
ਸਭਨਾਂ ਖ਼ੂਬ ਅਨੰਦ ਮਨਾਏ
ਖ਼ੁਸ਼ੀਆਂ ਮਾਣ ਘਰਾਂ ਨੂੰ ਆਏ।
ਸੰਪਰਕ: 94167-34506