ਸਮਾਲਖਾ ’ਚ ਤਿੰਨ ਰੋਜ਼ਾ ਨਿਰੰਕਾਰੀ ਸੰਤ ਸਮਾਗਮ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਨਵੰਬਰ
ਸੰਤ ਨਿਰੰਕਾਰੀ ਮਿਸ਼ਨ ਵੱਲੋਂ ਹਰਿਆਣਾ ਦੇ ਸਮਾਲਖਾ ਵਿੱਚ ਤਿੰਨ ਰੋਜ਼ਾ 77ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਅੱਜ ਸਮਾਗਮ ਦੇ ਪਹਿਲੇ ਦਿਨ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਨੇ ਪਹੁੰਚੀ ਸੰਗਤ ਨੂੰ ਮਨੁੱਖਤਾ ਦੇ ਹਿੱਤ ਵਿੱਚ ਵੱਧ ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਆ। ਸਮਾਗਮ ਦੀ ਸ਼ੁਰੂਆਤ ਵਿੱਚ ਸੰਤ ਨਿਰੰਕਾਰੀ ਮੰਡਲ ਦੀ ਕਾਰਜਕਾਰਨੀ ਕਮੇਟੀ ਦੇ ਅਧਿਕਾਰੀਆਂ ਨੇ ਸਤਿਗੁਰੂ ਮਾਤਾ ਤੇ ਨਿਰੰਕਾਰੀ ਰਾਜਪਿਤਾ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ। ਅੱਜ ਸਮਾਗਮ ਵਿੱਚ ਭਾਰਤ ਸਣੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਸੰਬੋਧਨ ਕਰਦਿਆਂ ਸੁਦੀਕਸ਼ਾ ਮਹਾਰਾਜ ਨੇ ਕਿਹਾ ਕਿ ਜੀਵਨ ਵਿੱਚ ਰੱਬ ਨੂੰ ਸ਼ਾਮਲ ਕਰਕੇ ਮਨੁੱਖੀ ਗੁਣ ਵਧਦੇ ਹਨ। ਵਿਅਕਤੀ ਦਾ ਮਨ ਅਕਸਰ ਤਣਾਅ ਵਿੱਚ ਰਹਿੰਦਾ ਹੈ, ਉਸ ਦੇ ਦਿਲ ਤੇ ਦਿਮਾਗ ਵਿੱਚ ਤਾਲਮੇਲ ਦੀ ਘਾਟ ਹੁੰਦੀ ਹੈ। ਪਰ ਜਦੋਂ ਵਿਅਕਤੀ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਤਾਂ ਮਨ ਵਿੱਚ ਸਥਿਰਤਾ ਪੈਦਾ ਹੁੰਦੀ ਹੈ ਅਤੇ ਆਪਣੇ ਆਪ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਫਿਰ ਮਨ ਵਿਸ਼ਾਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੁਗਾਂ-ਯੁਗਾਂ ਤੋਂ ਸੰਤਾਂ-ਮਹਾਂਪੁਰਸ਼ਾਂ ਨੇ ਇਹੀ ਸੰਦੇਸ਼ ਦਿੱਤਾ ਹੈ ਕਿ ਅਸੀਂ ਆਪਣੀ ਅਧਿਆਤਮਿਕ ਯਾਤਰਾ ਕਰਦੇ ਹੋਏ ਮਨੁੱਖਤਾ ਦੇ ਭਲੇ ਲਈ ਉਪਯੋਗੀ ਬਣਈਏ। ਅਸੀਂ ਪ੍ਰਮਾਤਮਾ ਵੱਲੋਂ ਪ੍ਰਦਾਨ ਕੀਤੀਆਂ ਚੀਜ਼ਾਂ ਅਤੇ ਮਨੁੱਖਾਂ ਵੱਲੋਂ ਕੀਤੀਆਂ ਕਾਢਾਂ ਦੀ ਸੁਚੱਜੀ ਵਰਤੋਂ ਕਰਕੇ ਇਸ ਧਰਤੀ ਨੂੰ ਹੋਰ ਸੁੰਦਰ ਬਣਾਉਣਾ ਹੈ।