ਸਮਾਰਟ ਸਿਟੀ ਦੇ ਬੱਸ ਅੱਡਿਆਂ ’ਤੇ ਨਾਜਾਇਜ਼ ਕਬਜ਼ੇ
ਸਤਵਿੰਦਰ ਬਸਰਾ
ਲੁਧਿਆਣਾ, 6 ਅਗਸਤ
ਸਮਾਰਟ ਸਿਟੀ ਲੁਧਿਆਣਾ ਵਿੱਚ ਬਣੇ ਬਸ ਸਟਾਪਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਇਸਦੀ ਖੂਬਸੂਰਤੀ ਨੂੰ ਘਟਾ ਦਿੱਤਾ ਹੈ। ਕਈ ਬੱਸ ਸਟਾਪ ਵਿਹਲੇ ਲੋਕਾਂ ਦੇ ਅੱਡੇ ਬਣ ਗਏ ਹਨ, ਕਈਆਂ ’ਚ ਲੋਕਾਂ ਨੇ ਆਪਣੇ ਵਪਾਰ ਸ਼ੁਰੂ ਕਰ ਲਏ ਹਨ, ਜਦਕਿ ਕਈ ਰਿਹਾਇਸ਼ ਵਜੋਂ ਵਰਤੇ ਜਾ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀ ਇਸ ਪਾਸੇ ਧਇਆਨ ਨਹੀਂ ਦੇ ਰਿਹਾ ਹੈ। ਦਹਾਕੇ ਤੋਂ ਵੱਧ ਸਮਾਂ ਪਹਿਲਾਂ ਸ਼ਹਿਰ ਵਿੱਚ ਸਿਟੀ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ। ਇਸ ਸਹੂਲਤ ਲਈ ਖ਼ਰੀਦੀਆਂ ਨਵੀਆਂ ਬੱਸਾਂ ਤਾਜਪੁਰ ਰੋਡ ਅਤੇ ਹੈਬੋਵਾਲ ਵਾਲੇ ਪਾਸੇ ਖੜ੍ਹੀਆਂ ਹੀ ਕਬਾੜ ਬਣ ਗਈਆਂ। ਇਨ੍ਹਾਂ ਨੂੰ ਸੜਕਾਂ ’ਤੇ ਨਾ ਚਲਾਉਣ ਪਿੱਛੇ ਕੀ ਕਾਰਨ ਸਨ ਦਾ ਤਾਂ ਭਾਵੇਂ ਪਤਾ ਨਹੀਂ ਲੱਗ ਸਕਿਆ ਪਰ ਇਸ ਦੌਰਾਨ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਬਣਾਏ ਗਏ ਬਸ ਸਟਾਪਾਂ ਵਿੱਚੋਂ ਬਹੁਤੇ ਵਿਹਲੜਾਂ ਦੇ ਅੱਡੇ ਬਣ ਗਏ ਹਨ। ਕਦੇ ਸ਼ਹਿਰ ਦੀ ਖੂਬਸੂਰਤੀ ਨੂੰ ਵਧਾਉਣ ਵਾਲੇ ਇਨ੍ਹਾਂ ਬੱਸ ਸਟਾਪਾਂ ’ਤੇ ਲੋਕਾਂ ਨੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ੇ ਕਰ ਕੇ ਰਿਹਾਇਸ਼ ਅਤੇ ਆਪਣੇ ਕੰਮ ਤੱਕ ਖੋਲ੍ਹ ਲਏ ਹਨ। ਇੱਥੋਂ ਦੇ ਚਾਂਦ ਸਿਨੇਮਾ ਸਾਹਮਣੇ, ਢੋਲੇਵਾਲ ਮਿਲਟਰੀ ਕੈਂਪ ਨੇੜੇ ਅਤੇ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਤਾਂ ਲੋਕਾਂ ਨੇ ਅਜਿਹੇ ਬਸ ਸਟਾਪ ਵਿੱਚ ਰਿਹਾਇਸ਼ ਹੀ ਬਣਾ ਲਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਕਥਿਤ ਮਿਲੀਭੁਗਤ ਨਾਲ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਹੋਣ ਦਿੱਤੇ ਜਾਂਦੇ ਹਨ ਅਤੇ ਬਾਅਦ ਵਿੱਚ ਖਾਲੀ ਕਰਵਾਉਣ ਲਈ ਸਰਕਾਰੀ ਮਸ਼ੀਨਰੀ ਅਤੇ ਪੈਸੇ ਦੀ ਹੋਰ ਬਰਬਾਦੀ ਕੀਤੀ ਜਾਂਦੀ ਹੈ। ਉੱਧਰ ਤਰਕਸ਼ੀਲ ਆਗੂ ਨੇ ਕਿਹਾ ਕਿ ਅਜਿਹਾ ਵਰਤਾਰਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਰ ਕੇ ਹੋ ਰਿਹਾ ਹੈ। ਇੱਕ ਪਾਸੇ ਰਾਜਨੀਤਿਕ ਆਗੂਆਂ ਵੱਲੋਂ ਕਿਸੇ ਨੂੰ ਵੀ ਬੇਘਰਾ ਨਹੀਂ ਰਹਿਣ ਦਿੱਤਾ ਜਾਵੇਗਾ, ਦੇ ਬਿਆਨ ਦਾਗੇ ਜਾਂਦੇ ਹਨ ਪਰ ਦੂਜੇ ਪਾਸੇ ਗਰੀਬ ਲੋਕ ਸੜ੍ਹਕਾਂ ਦੇ ਕਿਨਾਰਿਆਂ ’ਤੇ ਝੁੱਗੀਆਂ ਬਣਾ ਕੇ ਰਹਿਣ ਲਈ ਮਜਬੂਰ ਹਨ।