ਸਮਾਣਾ ਨਗਰ ਕੌਂਸਲ ਦਾ ਪ੍ਰਧਾਨ ਮੁਅੱਤਲ
ਸਮਾਣਾ, 28 ਮਈ
ਨਗਰ ਕੌਂਸਲ ਸਮਾਣਾ ਦੇ 16 ਕੌਂਸਲਰਾਂ ਵੱਲੋਂ ਪ੍ਰਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦਫ਼ਤਰ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰ ਕੇ ਉਨ੍ਹਾਂ ਨੂੰ ਪ੍ਰਧਾਨਗੀ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੀਟਿੰਗ ਵਿੱਚ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਸਨ। ਇਸ ਉਪਰੰਤ ਕੌਂਸਲ ਪ੍ਰਧਾਨ ਦੇ ਦਫ਼ਤਰ ਵਿੱਚ ਉਨ੍ਹਾਂ ਦੀ ਨੇਮ ਪਲੇਟ ਹਟਾ ਦਿੱਤੀ ਗਈ। ਦੱਸਣਯੋਗ ਹੈ ਕਿ 26 ਮਈ ਨੂੰ ਨਗਰ ਕੌਂਸਲ ਦੇ ਕੁੱਲ 21 ’ਚੋਂ 16 ਕੌਂਸਲਰਾਂ ਨੇ ਇੱਕ ਮੀਟਿੰਗ ਦੌਰਾਨ ਪ੍ਰਧਾਨ ਖਿਲਾਫ਼ ਬੇਭਰੋਸਗੀ ਦੇ ਪ੍ਰਸਤਾਵ ਦਾ ਏਜੰਡਾ ਪਾਸ ਕਰ ਕੇ 28 ਮਈ ਦੀ ਮੀਟਿੰਗ ਦਾ ਨੋਟਿਸ ਦਿੱਤਾ ਸੀ ਜਿਸ ਅਨੁਸਾਰ 16 ਕੌਂਸਲਰਾਂ ਅਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੀ ਮੀਟਿੰਗ ਵਿੱਚ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ ਖਿਲਾਫ਼ ਬੇਭਰੋਗੀ ਦਾ ਪ੍ਰਸਤਾਵ ਪਾਸ ਕਰ ਦਿੱਤਾ।
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨੇ ਪ੍ਰਧਾਨ ਨੂੰ ਅਹੁਦੇ ਤੋਂ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੌਂਸਲਰਾਂ ਦੋ-ਤਿਹਾਈ ਬਹੁਮਤ ਨਾਲ ਨਗਰ ਕੌਂਸਲ ਪ੍ਰਧਾਨ ਖਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰਨ ਉਪਰੰਤ ਕੀਤੀ ਗਈ ਕਾਰਵਾਈ ਅਨੁਸਾਰ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਮਤੇ ਦੀ ਕਾਪੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜ ਦਿੱਤੀ ਗਈ ਹੈ।
ਮਾਮਲੇ ਨੂੰ ਅਦਾਲਤ ’ਚ ਲਿਜਾਵਾਂਗਾ: ਅਸ਼ਵਨੀ ਗੁਪਤਾ
ਅਸ਼ਵਨੀ ਗੁਪਤਾ ਨੇ ਕਾਂਗਰਸੀ ਕੌਂਸਲਰਾਂ ਤੇ ਪ੍ਰਸ਼ਾਸਨ ਦਾ ਭਾਰੀ ਦਬਾਅ ਦੱਸਿਆ ਅਤੇ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਵੀ ਕਥਿਤ ਜਬਰਦਸਤੀ ਕੀਤੇ ਜਾਣ ਦੇ ਖਦਸ਼ੇ ਕਾਰਨ ਉਹ ਅਤੇ ਕੁਝ ਸਾਥੀ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ। ਉਨ੍ਹਾਂ ਨੇਮ ਪਲੇਟ ਉਤਾਰਨ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਹ ਮੁਅੱਤਲ ਹੋਏ ਹਨ, ਅਜੇ ਉਨ੍ਹਾਂ ਦੀ ਰਿਮੂਵਲ ਨਹੀਂ ਹੋਈ। ਉਹ ਇਸ ਮਾਮਲੇ ਨੂੰ ਕੋਰਟ ਵਿੱਚ ਲਿਜਾਉਣਗੇ।