ਸਮਾਣਾ-ਚੀਕਾ ਮਾਰਗ ਦੀ ਪੁਲੀ ਟੁੱਟਣ ਕਾਰਨ ਲੋਕ ਪ੍ਰੇਸ਼ਾਨ
ਸਮਾਣਾ, 22 ਮਈ
ਪਿੰਡ ਰਾਮਨਗਰ ਵਿੱਚ ਸਮਾਣਾ-ਚੀਕਾ ਹਾਈਵੇਅ ’ਤੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਬਣਾਈ ਪੁਲੀ ਟੁੱਟਣ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕਰੀਬ ਦੋ ਮਹੀਨੇ ਪਹਿਲਾਂ ਪੁਲੀ ਦਾ ਲੈਂਟਰ ਡਿੱਗਣ ਕਾਰਨ ਡੂੰਘੇ ਖੱਡਿਆਂ ਕਾਰਨ ਇਸ ਸੜਕ ’ਤੇ ਆਵਾਜਾਈ ਠੱਪ ਹੋ ਗਈ ਸੀ। ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਾਂ ਦੇਣ ’ਤੇ ਪਿੰਡ ਵਾਸੀਆਂ ਨੇ ਰੋਸ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਤੋਂ ਪੁਲੀ ਦਾ ਨਿਰਮਾਣ ਜਲਦੀ ਕਰਵਾਉਣ ਦੀ ਮੰਗ ਕੀਤੀ ਸੀ। ਪ੍ਰਦਰਸ਼ਨਕਾਰੀਆਂ ਨੂੰ ਮੌਕੇ ’ਤੇ ਸਬੰਧਤ ਅਧਿਕਾਰੀਆਂ ਨੇ ਪਹੁੰਚ ਕੇ ਜਲਦੀ ਇਸ ਪੁਲੀ ਨੂੰ ਬਣਾਏ ਜਾਣ ਦਾ ਭਰੋਸਾ ਦੇ ਕੇ ਖੱਡਿਆਂ ਵਿਚ ਮਿੱਟੀ ਭਰਾ ਕੇ ਆਵਾਜਾਈ ਬਹਾਲ ਕਰ ਦਿੱਤੀ ਸੀ ਪਰ ਭਾਰੀ ਵਾਹਨਾਂ ਦੇ ਲੰਘਣ ਅਤੇ ਛੱਪੜ ਦਾ ਪਾਣੀ ਸੜਕ ’ਤੇ ਆਉਣ ਕਾਰਨ ਉਸ ਥਾਂ ’ਤੇ ਮੁੜ ਖੱਡੇ ਪੈ ਗਏ ਹਨ। ਪਿੰਡ ਤੇ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਪੁਲੀ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਸਰਬਜੀਤ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਪੁਲੀ ਦੇ ਨਿਰਮਾਣ ਦੀ ਮਨਜ਼ੂਰੀ ਲਈ ਪੱਤਰ ਭੇਜਿਆ ਗਿਆ ਸੀ ਪਰ ਮਨਜ਼ੂਰੀ ਨਾ ਮਿਲਣ ਕਾਰਨ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਮੁੜ ਜਾਣੂ ਕਰਵਾ ਕੇ ਜਲਦੀ ਪੁਲੀ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇਗਾ।