ਸਮਾਜ ਨੂੰ ਨਸ਼ਿਆਂ ਵਿਰੁੱਧ ਲੜਨ ਦੀ ਲੋੜ: ਡੀਆਈਜੀ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਜਨਵਰੀ
ਪੁਲੀਸ ਅਤੇ ਸਿਹਤ ਵਿਭਾਗ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪਹਿਲਕਦਮੀ ਕਰਦਿਆਂ ਸਮਾਜ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵਿਵੇਕਾਨੰਦ ਵਰਲਡ ਸਕੂਲ ਵਿੱਚ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ। ਬੈਨਰ ਜਾਰੀ ਕਰਨ ਦੀ ਰਸਮ ਡੀਆਈਜੀ ਫ਼ਿਰੋਜ਼ੁਪਰ ਰੇਂਜ ਰਣਜੀਤ ਸਿੰਘ ਢਿੱਲੋਂ ਅਤੇ ਐੱਸਐੱਸਪੀ ਸੌਮਿਆ ਮਿਸ਼ਰਾ ਵੱਲੋਂ ਨਿਭਾਈ ਗਈ। ਇਸ ਮੌਕੇ ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਗੌਰਵ ਸਾਗਰ ਭਾਸਕਰ ਤੇ ਹੋਰ ਮੌਜੂਦ ਸਨ।
ਡੀਆਈਜੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਤੇ ਸਮਾਜਕ ਤਾਣੇ ਬਾਣੇ ਦੀ ਮਜਬੂਤੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਸ ਦੇਸ਼ ਨੌਜਵਾਨ ਪੀੜ੍ਹੀ ਆਪਣੇ ਦੇਸ਼ ਤੇ ਸਮਾਜ ਲਈ ਕੀ ਭੂਮਿਕਾ ਨਿਭਾ ਰਹੀ ਹੈ ਪਰ ਜੇਕਰ ਨੌਜਵਾਨ ਪੀੜ੍ਹੀ ਹੀ ਗਲਤ ਆਦਤਾਂ ਦੇ ਰਾਹੇ ਪੈ ਆਪਣੀ ਜ਼ਿੰਦਗੀ ਖ਼ਰਾਬ ਕਰੇਗੀ ਤਾਂ ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਹੋ ਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਦੀ ਲੋੜ ਹੈ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਐੱਸਐੱਸਪੀ ਸੌਮਿਆ ਮਿਸ਼ਰਾ ਨੇ ਨਸ਼ੇ ਦੇ ਮਾਰੂ ਪ੍ਰਭਾਵਾਂ ਵਿਰੁੱਧ ਸਮਾਜ ਦੇ ਹਰੇਕ ਵਰਗ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਨਸ਼ਿਆਂ ਵਿਰੁੱਧ ਇੱਕ ਵੱਡੀ ਲਹਿਰ ਚਲਾ ਕੇ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ਵਿਖਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਸਮਾਜ ਵਿਚੋਂ ਨਸ਼ੇ ਦਾ ਖਾਤਮਾ ਕਰਨਾ ਸਮੇਂ ਦੀ ਅਹਿਮ ਜ਼ਰੂਰਤ ਹੈ,ਜਿਸ ਤੇ ਸਭ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਦੱਸ ਦਈਏ ਕਿ ਸਕੂਲ ਦੇ ਚੇਅਰਮੈਲ ਗੌਰਵ ਸਾਗਰ ਭਾਸਕਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਲੰਘੇ ਕੱਲ੍ਹ ਆਪਣੇ ਸਕੂਲ ਵਿਚ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ਵਿਚ ਜੇਤੂ ਟੀਮਾਂ ਨੂੰ ਕ੍ਰਮਵਾਰ ਪੰਦਰਾਂ ਹਜ਼ਾਰ ਰੁਪਏ,ਗਿਆਰਾਂ ਹਜ਼ਾਰ ਰੁਪਏ ਅਤੇ ਇਕੱਤੀ ਸੌ ਰੁਪਏ ਦੀ ਇਨਾਮੀ ਰਾਸ਼ੀ ਸਮੇਤ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।