ਸਮਾਜਿਕ ਬੁਰਾਈਆਂ ਖ਼ਿਲਾਫ਼ ਸਾਂਝੇ ਉਪਰਾਲੇ ਦੀ ਲੋੜ: ਰਹਿਮਾਨ
ਸੰਦੌੜ(ਮੁਕੰਦ ਸਿੰਘ ਚੀਮਾ): ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨਸ਼ਾ ਮੁਕਤ ਯਾਤਰਾ ਤਹਿਤ ਅੱਜ ਪਿੰਡ ਬਾਪਲਾ ਵਿਖੇ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ-ਉਰ ਰਹਿਮਾਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਗਗਨਅਜੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਨਸ਼ਾ ਮੁਕਤੀ ਯਾਤਰਾ ਦੌਰਾਨ ਇਕ ਨਸ਼ਾ ਛੱਡਣ ਵਾਲੇ ਨੌਜਵਾਨ ਨੇ ਆਪਣੀ ਵਿਥਿਆ ਬਿਆਨੀ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਦੇ ਅਸਲ ਹੀਰੋ ਬਣਨ ਲਈ ਪ੍ਰੇਰਿਆ। ਨੌਜਵਾਨ ਨੇ ਥਾਣਾ ਸੰਦੌੜ ਦੇ ਐੱਸਐੱਚਓ ਸੰਦੋੜ ਗਗਨਦੀਪ ਸਿੰਘ ਦਾ ਧੰਨਵਾਦ ਕੀਤਾ।
ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਖ਼ਿਲਾਫ਼ ਸਾਂਝੇ ਉਪਰਾਲੇ ਕਰਕੇ ਹੀ ਸਮਾਜ ਨੂੰ ਨਵੀਂ ਦਿਖ ਦਿੱਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪਹਿਰੇਦਾਰ ਵਜੋਂ ਕੰਮ ਕਰਨ ਦੀ ਅਪੀਲ ਕੀਤੀ।
ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਤੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਫ਼ੈਸਲਾਕੁੰਨ ਜੰਗ ਖਾਤਮੇ ਦੇ ਨੇੜੇ ਹੈ। ਇਸ ਮੌਕੇ ਡੀ.ਐਸ.ਪੀ ਕੁਲਦੀਪ ਸਿੰਘ, ਸਰਪੰਚ ਹਰਬੰਸ ਸਿੰਘ ਝੂੰਦ, ਡਾ. ਹਰੀਪਾਲ ਸਿੰਘ ਕਸਬਾ ਭੁਰਾਲ ਸਮੇਤ ਪੰਚਾਇਤ ਮੈਂਬਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।