ਸਮਰਥਕਾਂ ਦੇ ਵੱਡੇ ਇਕੱਠ ਨਾਲ ਭਾਜਪਾ ਵੱਲੋਂ ਰੋਡ ਸ਼ੋਅ
ਗੁਰਿੰਦਰ ਸਿੰਘ
ਲੁਧਿਆਣਾ, 16 ਜੂਨ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਅੱਜ ਦੇਰ ਸ਼ਾਮ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸਮੇਤ ਕਈ ਆਗੂ ਹਾਜ਼ਰ ਸਨ। ਭਾਰੀ ਗਿਣਤੀ ਵਿੱਚ ਪੁੱਜੇ ਭਾਜਪਾ ਵਰਕਰਾਂ ਦਾ ਜੋਸ਼ ਵੇਖ ਕੇ ਉਨ੍ਹਾਂ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਏ ਜਿਸਦਾ ਆਕਾਸ਼ ਗੁੰਜਾਊ ਆਵਾਜ਼ ਵਿੱਚ ਵਰਕਰਾਂ ਨੇ ਜਵਾਬ ਦਿੱਤਾ। ਉਨ੍ਹਾਂ ਭਾਰਤ ਮਾਤਾ ਕੀ ਜੈ ਅਤੇ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।
ਰੋਡ ਸ਼ੋਅ ਆਰਤੀ ਸਿਨੇਮਾ ਚੌਂਕ ਤੋਂ ਸ਼ੁਰੂ ਹੋ ਕੇ ਘੁਮਾਰ ਮੰਡੀ ਚੌਕ ਤੱਕ ਕੱਢਿਆ ਗਿਆ। ਇਸਦਾ ਕਈ ਥਾਵਾਂ ਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਵਰਕਰਾਂ ਵੱਲੋਂ ਕਮਲ ਦੇ ਫੁੱਲ ਹੱਥ ਵਿੱਚ ਪਕੜ ਕੇ ਲੋਕਾਂ ਨੂੰ ਭਾਜਪਾ ਲਈ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਭਾਜਪਾ ਦੇ ਕੌਮੀ ਆਗੂ ਤਰੁਣ ਚੁੱਘ, ਮਨੋਰੰਜਨ ਕਾਲੀਆਂ, ਮਨਪ੍ਰੀਤ ਸਿੰਘ ਬਾਦਲ, ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ, ਅਨਿਲ ਸਰੀਨ, ਰਜਨੀਸ਼ ਧੀਮਾਨ, ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਅਤੇ ਗੁਰਦੀਪ ਸਿੰਘ ਗੋਸਾ ਵੀ ਹਾਜ਼ਰ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਹੀ ਇੱਕ ਐਸੀ ਪਾਰਟੀ ਹੈ ਜੋ ਪੰਜਾਬ, ਪੰਜਾਬੀਅਤ, ਵਿਕਾਸ, ਖੁਸ਼ਹਾਲੀ ਅਤੇ ਸੁਰੱਖਿਆ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਦੀ ਨਾਕਾਮੀ ਕਾਰਨ ਪਿੱਛੇ ਜਾ ਰਿਹਾ ਹੈ, ਜਿਸਦੀ ਜ਼ਿੰਮੇਵਾਰੀ ਅਰਵਿੰਦ ਕੇਜਰੀਵਾਲ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੋੜੀ ਸਿਰ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਗਠਜੋੜ ਪਾਰਟੀ ਆਪ ਵਾਂਗ ਸਿਰਫ਼ ਚੋਣਾਂ ਦੌਰਾਨ ਵਾਅਦੇ ਨਹੀਂ ਕਰਦੀ, ਸਗੋਂ ਜ਼ਮੀਨੀ ਪੱਧਰ ਤੇ ਕੰਮ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 19 ਜੂਨ ਦਿਨ ਵੀਰਵਾਰ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਭਾਜਪਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ।
ਇਸ ਮੌਕੇ ਜੀਵਨ ਗੁਪਤਾ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੱਛਮੀ ਹਲਕੇ ਦੀਆਂ ਹਰ ਮੁਸ਼ਕਲ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹੱਲ ਕਰਨਗੇ। ਇਸ ਮੌਕੇ ਜਤਿੰਦਰ ਮਿੱਤਲ, ਨਰਿੰਦਰ ਰੈਣਾ, ਅਵਿਨਾਸ਼ ਰਾਏ ਖੰਨਾ, ਆਰਪੀ ਸਿੰਘ, ਸ਼ਿਵਮ ਛਾਬੜਾ, ਸੰਜੇ ਗੋਸਾਈਂ, ਤ੍ਰਿਕਸ਼ਨ ਸੂਦ, ਕੇਡੀ ਭੰਡਾਰੀ, ਡਾ ਸਤੀਸ਼ ਕੁਮਾਰ, ਮਹਿਲਾ ਮੋਰਚਾ ਪ੍ਰਧਾਨ ਸ਼ੀਨੂ ਚੁੱਘ, ਅਮਰਜੀਤ ਸਿੰਘ ਟਿੱਕਾ ਅਤੇ ਪਰਵਿੰਦਰ ਲਾਪਰਾਂ ਵੀ ਮੌਜੂਦ ਸਨ।