ਸਬਰ, ਹੌਸਲਾ ਤੇ ਸੰਤੋਖ
ਮਨਪ੍ਰੀਤ ਕੌਰ ਗਿੱਲ ਔਲਖ
ਸਬਰ, ਹੌਸਲਾ ਤੇ ਸੰਤੋਖ ਆਪਣੇ ਆਪ ਵਿੱਚ ਕਿੰਨੇ ਸ਼ਾਂਤ ਭਾਵ ਰੱਖਣ ਵਾਲੇ ਸ਼ਬਦ ਹਨ। ਜੇਕਰ ਜ਼ਿੰਦਗੀ ਵਿੱਚ ਕਦੇ ਵੀ ਕੁਝ ਬਣਨਾ, ਪ੍ਰਾਪਤ ਕਰਨਾ ਤਾਂ ਸਬਰ ਦਾ ਗੁਣ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਚੁੱਲ੍ਹੇ ‘ਤੇ ਪੱਕਦੀਆਂ ਸਭ ਰੋਟੀਆਂ ਤੋਂ ਬਾਅਦ ਘਰ ਦੀ ਔਰਤ ਜੋ ਰੋਟੀ ਬਣਾਉਂਦੀ ਹੈ, ਉਹ ਅੱਗ ਨੂੰ ਮੱਠੀ, ਘੱਟ ਕਰਕੇ ਉਸ ਉੱਤੇ ਰੋਟੀ ਸੇਕਣੀ ਛੱਡ ਦਿੰਦੀ ਹੈ। ਉਹ ਰੋਟੀ ਹੌਲੀ ਹੌਲੀ ਪੱਕਦੀ ਹੈ ਤੇ ਸੜਦੀ ਵੀ ਨਹੀਂ। ਉਹ ਸਬਰ ਸਹਿਤ ਬਣੀ ਹੁੰਦੀ ਹੈ। ਉਸ ਨੂੰ ਖਾਣ ਦਾ ਸਵਾਦ ਵੀ ਵੱਖਰਾ ਹੀ ਹੁੰਦਾ ਹੈ। ਉਸ ਵਿੱਚ ਲੋੜੀਂਦੇ ਤੱਤ ਵੀ ਆਪਣੇ ਸਬਰ ਕਰਕੇ ਕਾਇਮ ਰਹਿੰਦੇ ਹਨ।
ਇੱਕ ਉਹ ਫ਼ਲ ਜਾਂ ਸਬਜ਼ੀ ਜੋ ਰਾਤੋ ਰਾਤ ਦਵਾਈ ਨਾਲ ਪਕਾ ਕੇ ਵੇਚੀ ਤੇ ਖਾਧੀ ਜਾਂਦੀ ਹੈ, ਉਹ ਹਜ਼ਮ ਵੀ ਨਹੀਂ ਹੋਣੀ ਤੇ ਸਵਾਦ ਤਾਂ ਕਦੇ ਵੀ ਨਹੀਂ ਲੱਗਣੀ। ਦੂਸਰੇ ਪਾਸੇ ਉਹ ਸਬਜ਼ੀ ਜਾਂ ਫ਼ਲ ਹੈ ਜੋ ਬਿਨਾਂ ਦਵਾਈ ਦੇ ਕਈ ਦਿਨ ਲਾ ਕੇ ਕੁਦਰਤੀ ਰੂਪ ਨਾਲ ਪੱਕਿਆ ਹੁੰਦਾ ਹੈ। ਉਸ ਦਾ ਰੂਪ, ਮਿਠਾਸ, ਤੱਤ ਤੇ ਲਾਭ ਸਭ ਤੋਂ ਜ਼ਿਆਦਾ ਹੁੰਦੇ ਹਨ ਕਿਉਂਕਿ ਉਸ ਨੂੰ ਬੀਜਣ, ਪਕਾਉਣ ਤੇ ਖਾਣ ਵਾਲੇ ਨੇ ਸਬਰ ਦਾ ਗੁਣ ਰੱਖਿਆ ਹੈ।
ਸਬਰ ਤਾਂ ਹੀ ਰੱਖਿਆ ਜਾਂਦਾ ਹੈ ਜਦੋਂ ਸਾਡੇ ਅੰਦਰ ਚੰਗੇ ਦੇ ਨਾਲ ਮਾੜਾ ਸਹਿਣ ਕਰਨ ਦੀ ਵੀ ਸ਼ਕਤੀ ਤੇ ਸਹਿਣਸ਼ੀਲਤਾ ਹੁੰਦੀ ਹੈ। ਜਦੋਂ ਇਹ ਸੋਚ ਹੋਵੇ ਕਿ ਕੋਈ ਨਾ ਘੜੀ ਬਾਅਦ ਵਿੱਚ ਮਿਲਜੂ, ਜੇ ਕੁਝ ਨਹੀਂ ਵੀ ਮਿਲਿਆ ਤਾਂ ਕੀ ਹੋਇਆ, ਰੱਬ ਦੀ ਮਰਜ਼ੀ ਇਹੀ ਚੰਗੀ ਹੋਵੇਗੀ। ਜਦੋਂ ਸਾਨੂੰ ਕੋਈ ਕੁਝ ਵੀ ਕਹੀ ਜਾਏ, ਪਰ ਅਸੀਂ ਸੱਚ ਦੇ ਪਾਂਧੀ ਹਾਂ ਤਾਂ ਸਹਿਣ ਕਰਾਂਗੇ। ਅਗਲਾ ਕਹਿਣ ਵਾਲਾ ਸਾਡੇ ਸਬਰ ਦੇ ਸਾਹਮਣੇ ਆਪਣੀ ਔਕਾਤ ਭੁੱਲ ਜਾਵੇਗਾ ਤੇ ਸਾਡੀ ਜਿੱਤ ਹੋਵੇਗੀ।
ਸਬਰ ਇੱਕ ਅਜਿਹੀ ਸਥਿਤੀ ਜਾਂ ਗੁਣ ਹੈ ਜੋ ਸਾਨੂੰ ਸੁਭਾਅ ਪੱਖੋਂ ਸਭ ਨਾਲੋਂ ਨਿਖੇੜਦਾ ਤੇ ਕੁਝ ਵੱਖਰਾ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਕਰਦਾ ਹੈ। ਇਸ ਦੇ ਤਹਿਤ ਮਨੁੱਖ ਇੱਕ ਅਜਿਹੀ ਸਥਿਤੀ ਨੂੰ ਸਹਿਣ ਕਰਦਾ ਹੈ ਜੋ ਝੰਝਟ ਭਰੀ ਤੇ ਲੰਮੇ ਸਮੇਂ ਤੱਕ ਚੱਲਣ ਵਾਲੀ ਹੋਵੇ। ਅਜਿਹੇ ਮਨੁੱਖ ਵਿੱਚ ਅਕਾਊਪਣ ਦਾ ਗੁਣ ਹੀ ਨਹੀਂ ਹੁੰਦਾ। ਉਹ ਹੱਸ ਕੇ ਕੋਈ ਨਾ ਸਭ ਠੀਕ ਹੋਜੂ, ਇਹੀ ਤਾਂ ਜੀਵਨ ਹੈ ਆਦਿ ਵਰਗੇ ਸ਼ਾਂਤ ਸ਼ਬਦਾਂ ਨੂੰ ਨਿਭਾਉਂਦਾ ਤੇ ਆਪਣੇ ਬੁਲੰਦ ਹੌਸਲੇ ਨੂੰ ਪਰਿਪੱਕ ਕਰਦਾ ਰਹਿੰਦਾ ਹੈ। ਸਬਰ ਰੱਖਣ ਵਾਲੇ ਕੋਲ ਹਾਏ ਕੀ ਬਣੂ, ਕੰਮ ਕਿਸ ਤਰ੍ਹਾਂ ਹੋਏ, ਕਿਵੇਂ ਹੋਊ, ਇਹ ਹੋ ਹੀ ਨਹੀਂ ਸਕਦਾ ਵਰਗੇ ਢਹਿੰਦੀ ਕਲਾ ਵਾਲੇ ਨਕਾਰਾਤਮਕ ਸ਼ਬਦ ਨਹੀਂ ਹੁੰਦੇ। ਉਸ ਦੇ ਸਬਰ ਵਿੱਚ ਢਹਿੰਦੀ ਕਲਾ ਵੀ ਚੜ੍ਹਦੀ ਕਲਾ ਹੋਣ ਦਾ ਹਵਾਲਾ ਦਿੰਦੀ ਹੈ। ਬੱਲੇ ਸ਼ੇਰਾ, ਹੋਰ ਸੁਣਾ, ਓ ਕੁਝ ਨਹੀਂ ਹੁੰਦਾ, ਡੋਲੀਦਾ ਨਹੀਂ ਹੁੰਦਾ, ਰੱਬ ਭਲੀ ਕਰੂ ਵਰਗੇ ਸ਼ਬਦ ਉਸ ਨੂੰ ਭਿਆਨਕ ਸਥਿਤੀ ਨਾਲ ਨਜਿੱਠਣ ਦਾ ਹੌਸਲਾ ਤੇ ਅੱਗੇ ਵਧਣ ਦੀ ਤਾਕਤ ਦਿੰਦੇ ਹਨ ਜੋ ਉਸ ਨੂੰ ਕਦੇ ਰੋਕ ਨਹੀਂ ਸਕਦੇ। ਉਹ ਹਨੇਰੀਆਂ, ਭਿਆਨਕ ਝੱਖੜਾਂ, ਮੀਂਹ, ਸੋਕਿਆਂ ਵਿੱਚ ਵੀ ਉੱਠਣਾ ਜਾਣਦਾ। ਇੱਕ ਨਾ ਇੱਕ ਦਿਨ ਇਹੀ ਚੜ੍ਹਦੀ ਕਲਾ ਉਸ ਨੂੰ ਚੰਗੇ ਮੁਕਾਮ ‘ਤੇ ਪਹੁੰਚਾਉਂਦੀ ਹੈ ਤੇ ਉਹ ਇੱਕ ਵੱਡੀ ਮਿਸਾਲ ਹੋ ਨਿੱਬੜਦਾ ਹੈ।
ਕੁਦਰਤ ਦੇ ਹਰ ਨਿੱਕੇ ਤੋਂ ਨਿੱਕੇ ਅੰਸ਼ ਵਿੱਚ ਸਬਰ ਵੇਖਿਆ ਜਾ ਸਕਦਾ। ਨਿੱਕੇ ਬੀਜ ਤੋਂ ਲੈ ਕੇ ਵੱਡੇ ਦਰੱਖਤ ਬਣਨ ਤੱਕ ਆਏ ਜਿੰਨੇ ਵੀ ਪੜਾਅ, ਪੱਤੇ ਫੁੱਟਣ ਤੋਂ ਫੁੱਲ ਖਿੜਨ ਤੇ ਫਿਰ ਬੂਰ ਪੈਣ ਤੋਂ ਫ਼ਲ ਪੈਣ ਤੱਕ ਦਾ ਸਫ਼ਰ। ਇਸ ਤੋਂ ਅੱਗੇ ਕੁਦਰਤ ਦਾ ਹੀ ਇੱਕ ਹੋਰ ਸਬਰ ਫ਼ਲ ਪੱਕਣ ਤੋਂ ਪਹਿਲਾਂ ਹੀ ਪੰਛੀਆਂ ਦੁਆਰਾ ਫ਼ਲਾਂ ਨੂੰ ਕੁਤਰ ਦੇਣ ਦਾ ਸਬਰ। ਸਬਰ ਵਿੱਚੋਂ ਹੀ ਤਾਂ ਸਮੇਂ ਦੀ ਕਦਰ ਉਪਜਦੀ ਹੈ। ਸੂਰਜ, ਚੰਦ, ਧੁੱਪ, ਛਾਂ, ਗਰਮੀ ਤੇ ਸਰਦੀ ਇਹ ਸਭ ਸਬਰ ਦੇ ਤੱਤਾਂ ਨਾਲ ਭਰਪੂਰ ਹਨ। ਮਨੁੱਖ ਵੀ ਇਸ ਅਨੁਸਾਰ ਚੱਲਦਾ ਹੈ, ਰੋਜ਼ਾਨਾ ਬੱਸਾਂ ਤੇ ਗੱਡੀਆਂ, ਰੇਲਗੱਡੀਆਂ ਦੇ ਸਮੇਂ ਅਨੁਸਾਰ ਚੱਲਣ ਤੇ ਫਿਰ ਉਨ੍ਹਾਂ ਵਿੱਚ ਬੈਠੇ ਮੁਸਾਫ਼ਿਰ ਇਨ੍ਹਾਂ ਦੀ ਉਡੀਕ ਤੋਂ ਲੈ ਕੇ ਮੰਜ਼ਿਲ ‘ਤੇ ਪਹੁੰਚਣ ਤੱਕ ਦਾ ਸਬਰ, ਇਹ ਵੀ ਅਣਮੁੱਲਾ ਹੁੰਦਾ ਹੈ। ਇੱਕ ਰਿਕਸ਼ਾ ਚਾਲਕ ਜੋ ਸਾਰਾ ਦਿਨ ਸਵੇਰ ਤੋਂ ਲੈ ਕੇ ਸੂਰਜ ਛਿਪਣ ਤੱਕ ਉਡੀਕਦਾ ਕਿ ਕੋਈ ਨਾ ਅੱਜ ਤੇ ਮੈਂ ਤਰਕਾਲਾਂ ਦੇ ਆਟੇ ਦਾਲ ਲਈ ਤਾਂ ਕਮਾ ਕੇ ਹੀ ਜਾਵਾਂਗਾ। ਉਸ ਦੁਆਰਾ ਲੋੜ ਤੋਂ ਵੱਧ ਕੇ ਇੱਛਾਵਾਂ ਬਾਰੇ ਨਾ ਸੋਚਣਾ ਵੀ ਇੱਕ ਮਹਾਨ ਸਬਰ ਹੁੰਦਾ ਹੈ।
ਔਰਤ ਤੇ ਆਦਮੀ ਵੀ ਸਬਰ ਦੇ ਰਾਹੀ ਹਨ ਜੋ ਜਦੋਂ ਮਾਂ-ਬਾਪ ਬਣਦੇ ਹਨ ਤਾਂ ਗ਼ਰੀਬੀ ਦੀ ਸਥਿਤੀ ਵਿੱਚੋਂ ਲੰਘਦਿਆਂ ਵੀ ਕਦੇ ਬੱਚੇ ਨੂੰ ਇਹ ਅਹਿਸਾਸ ਨਹੀਂ ਕਰਵਾਉਂਦੇ ਕਿ ਉਹ ਕਿਸ ਤਰ੍ਹਾਂ ਮਿਹਨਤ ਕਰਕੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਸਬਰ ਤੇ ਸਬਰ ਰੱਖਦੇ ਹਨ ਕਿ ਇੱਕ ਨਾ ਇੱਕ ਦਿਨ ਉਨ੍ਹਾਂ ਦੇ ਬੱਚੇ ਚਿਰਾਂ ਤੋਂ ਚੱਲਦੀ ਮਾੜੀ ਆਰਥਿਕ ਹਾਲਤ ਨੂੰ ਬਦਲਣ ਵਿੱਚ ਕਾਮਯਾਬ ਜ਼ਰੂਰ ਹੋਣਗੇ। ਕਦੇ ਕਦੇ ਇਕੱਲੀ ਔਰਤ ਵੀ ਸਬਰ ਦੀ ਪਾਂਧੀ ਬਣ ਜਾਂਦੀ ਹੈ। ਜਦੋਂ ਕਿਸੇ ਨਿੱਤ ਦੇ ਸ਼ਰਾਬੀ ਪਤੀ ਵੱਲੋਂ ਸਰੀਰਕ ਕਸ਼ਟ ਪਹੁੰਚਾਉਣ ‘ਤੇ ਵੀ ਉਹ ਸੀਅ ਨਹੀਂ ਕਰਦੀ। ਉਹ ਉਦੋਂ ਸਬਰ ਨੂੰ ਪੱਲੇ ਬੰਨ੍ਹ ਇਹੀ ਸੋਚਦੀ ਤੇ ਦੁਆ ਕਰਦੀ ਹੈ ਕਿ ਇੱਕ ਦਿਨ ਉਸ ਦਾ ਪਤੀ ਜ਼ਰੂਰ ਸਹੀ ਰਾਹ ‘ਤੇ ਤੁਰਨਾ ਸ਼ੁਰੂ ਕਰ ਦੇਵੇਗਾ। ਕਦੀ ਕਦੀ ਤੇ ਉਹ ਇਸ ਸਬਰ ਨੂੰ ਰੱਖਦੀ ਹੋਈ ਉਮਰਾਂ ਦੇ ਸਬਰ ਨੂੰ ਹੀ ਹਾਣੀ ਬਣਾ ਬੈਠਦੀ ਹੈ ਜਦੋਂ ਬਦਕਿਸਮਤੀ ਨੂੰ ਪਤੀ ਤਾਂ ਸੁਧਰਿਆ ਨਹੀਂ, ਬਲਕਿ ਔਲਾਦ ਵੀ ਢਹਿੰਦੇ ਰਾਹ ਵੱਲ ਤੁਰ ਪਵੇ। ਫਿਰ ਉਹ ਸਬਰ ਵਾਲੀ ਔਰਤ ਨਹੀਂ, ਬਲਕਿ ਸਬਰ ਦੀ ਮੂਰਤ ਬਣ ਜਾਂਦੀ ਹੈ।
ਔਰਤ ਦਾ ਸਬਰ ਆਦਮੀ ਤੋਂ ਕਿਤੇ ਜ਼ਿਆਦਾ ਹੈ। ਇੱਕ ਮਾਂ ਜਦੋਂ ਨਿੱਕੇ ਰੋਂਦੇ ਬੱਚੇ ਨੂੰ ਚੁੱਪ ਕਰਾਉਂਦੀ ਹੈ ਤਾਂ ਕਈ ਤਰ੍ਹਾਂ ਨਾਲ ਵਰਾਉਂਦੀ ਹੈ, ਪਰ ਪਿਤਾ ਦੇ ਇਹ ਸ਼ਬਦ ਕਿ ਪਰ੍ਹੇ ਲੈ ਜਾ ਕੰਨ ਖਾਧੇ, ਉਸ ਦੇ ਘੱਟ ਸਬਰ ਨੂੰ ਦਰਸਾਉਂਦੇ ਹਨ। ਸਬਰ ਦਾ ਗੁਣ ਹੋਣਾ ਜਿੱਥੇ ਬਹੁਤ ਜ਼ਰੂਰੀ ਹੈ, ਉੱਥੇ ਕੁਝ ਸਥਿਤੀਆਂ ਵਿੱਚ ਸਬਰ ਨੂੰ ਤਿਆਗਣਾ ਵੀ ਓਨਾ ਹੀ ਜ਼ਰੂਰੀ ਹੈ ਕਿਉਂਕਿ ਕੁਝ ਸਬਰ ਜੋ ਜ਼ਿੰਦਗੀ ਨੂੰ ਨਾਸ਼ ਕਰ ਸਕਦੇ ਨੇ ਉਨ੍ਹਾਂ ਤੋਂ ਮੁਕਤ ਹੋਣਾ ਵੀ ਜ਼ਰੂਰੀ ਹੈ। ਸਬਰ ਦਾ ਗੁਣ ਸਭ ਥਾਵਾਂ ‘ਤੇ ਲਾਹੇਵੰਦ ਨਹੀਂ ਹੋ ਸਕਦਾ।
ਸੰਪਰਕ: 97793-70017