ਸਬਜ਼ੀ ਮੰਡੀ ਵਿੱਚ ਦੋ ਧਿਰਾਂ ’ਚ ਟਕਰਾਅ, ਇੱਕ ਜ਼ਖਮੀ
ਪੱਤਰ ਪ੍ਰੇਰਕ
ਪਠਾਨਕੋਟ, 20 ਮਈ
ਇੱਥੋਂ ਦੀ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਦੋ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਖੂਨੀ ਝੜਪ ਹੋ ਗਈ। ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਦੂਸਰੀ ਧਿਰ ਦੇ ਵਿਅਕਤੀ ਵਿਜੇ ਕੁਮਾਰ ਮਹਾਜਨ ਨੂੰ ਜ਼ਖਮੀ ਕਰ ਦਿੱਤਾ। ਉਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ਖਮੀ ਵਿਜੇ ਕੁਮਾਰ ਮਹਾਜਨ ਦੇ ਲੜਕੇ ਅਨਮੋਲ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦਾ ਸਬਜ਼ੀ ਮੰਡੀ ਪਠਾਨਕੋਟ ਵਿੱਚ ਆੜ੍ਹਤ ਦਾ ਕੰਮ ਹੈ। ਉਹ ਸੜਕ ਤੋਂ ਆਪਣੀ ਆੜ੍ਹਤ ਵੱਲ ਆ ਰਿਹਾ ਸੀ ਤਾਂ ਸਾਹਮਣੇ ਤੋਂ ਇਕ ਸਕੂਟੀ ਸਵਾਰ ਵੀ ਆ ਰਿਹਾ ਸੀ ਜੋ ਉਸ ਵਿੱਚ ਵੱਜਾ ਤੇ ਦੋਵਾਂ ਦੀ ਆਪਸ ਵਿੱਚ ਬਹਿਸ ਹੋ ਗਈ। ਉੱਥੇ ਹੀ 69 ਨੰਬਰ ਦੁਕਾਨ ਦਾ ਮਾਲਕ ਮਾਨਿਕ ਮਹਾਜਨ 3-4 ਲੜਕੇ ਲੈ ਕੇ ਉਸ ਦੀ ਆੜ੍ਹਤ ’ਤੇ ਆ ਗਿਆ ਤੇ ਮਾਮਲਾ ਧੱਕਾ-ਮੁੱਕੀ ਤੱਕ ਪੁੱਜ ਗਿਆ। ਉਸ ਦਾ ਪਿਤਾ ਵਿਜੇ ਕੁਮਾਰ ਮਹਾਜਨ ਛੁਡਾਉਣ ਲੱਗਾ ਤਾਂ ਮਾਨਿਕ ਮਹਾਜਨ ਦੇ ਇੱਕ ਵਿਅਕਤੀ ਨੇ ਪਿੱਛੋਂ ਉਸ ਦੇ ਪਿਤਾ ਦੇ ਸਿਰ ਵਿੱਚ ਕਥਿਤ ਦਾਤਰ ਮਾਰ ਦਿੱਤਾ ਤੇ ਫਰਾਰ ਹੋ ਗਿਆ। ਥਾਣਾ ਡਿਵੀਜ਼ਨ ਨੰਬਰ-2 ਦੇ ਮੁਖੀ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।