ਸਫ਼ਾਈ ਸੇਵਕਾਂ ਨੂੰ ਪੜ੍ਹਾਈ ਕਰਨ ਦੇ ਮੌਕੇ ਦੇਵਾਂਗੇ: ਬਲਬੀਰ ਸਿੰਘ
ਖੇਤਰੀ ਪ੍ਰਤੀਨਿਧ
ਪਟਿਆਲਾ, 2 ਜਨਵਰੀ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਸਰਕਾਰੀ ਹਸਪਤਾਲਾਂ ’ਚ ਕੰਮ ਕਰਦੇ ਤੇ ਹੋਰ ਤਰੱਕੀ ਕਰਨ ਦੇ ਚਾਹਵਾਨ ਸਫ਼ਾਈ ਸੇਵਕਾਂ ਤੇ ਦਰਜਾ ਚਾਰ ਕਰਮਚਾਰੀਆਂ ਨੂੰ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਨੇ ਨਵੇਂ ਸਾਲ 2025 ਦੀ ਆਮਦ ਦਾ ਦੂਜਾ ਦਿਨ ਵੀ ਸਰਕਾਰੀ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਦੇ ਨਾਂ ਕਰਦਿਆਂ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦੇ ਸਫ਼ਾਈ ਸੇਵਕਾਂ ਤੇ ਦਰਚਾ ਚਾਰ ਕਰਮਚਾਰੀਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਵਰਤਾਇਆ ਤੇ ਮੁਸ਼ਕਿਲਾਂ ਸੁਣੀਆਂ। ਪਹਿਲੀ ਜਨਵਰੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਫ਼ਾਈ ਸੇਵਕਾਂ ਨੂੰ ਖਾਣਾ ਵਰਤਾਇਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਖੇਤਰ ਵਿਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਾਲਾ ਦੇਸ਼ ਦਾ ਅਹਿਮ ਰਾਜ ਬਣ ਗਿਆ ਹੈ, ਜਿਸ ਲਈ ਡਾਕਟਰਾਂ ਸਮੇਤ ਨਰਸਿੰਗ ਸਟਾਫ਼ ਤੇ ਸਫ਼ਾਈ ਸੇਵਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੈ। ਮਾਤਾ ਕੌਸ਼ੱਲਿਆ ਹਸਪਤਾਲ ਸੂਬੇ ਦਾ ਬਿਹਤਰ ਹਸਪਤਾਲ ਵੀ ਸਫ਼ਾਈ ਸੇਵਕਾਂ ਦੀ ਬਦੌਲਤ ਹੀ ਬਣਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਜਿਹੜੇ ਸਫ਼ਾਈ ਸੇਵਕ ਤੇ ਦਰਜਾ ਚਾਰ ਕਰਮਚਾਰੀ ਦਸਵੀਂ ਜਾਂ ਬਾਰ੍ਹਵੀਂ ਜਮਾਤ ਪਾਸ ਹਨ ਅਤੇ ਅੱਗੇ ਪੜ੍ਹਨ ਦੀ ਇੱਛਾ ਰੱਖਦੇ ਹਨ, ਨੂੰ ਨਰਸਿੰਗ ਸਹਾਇਕ, ਓਟੀ ਸਹਾਇਕ ਜਾਂ ਪੈਰਮੈਡਿਕ ਦਾ ਕੋਰਸ ਕਰਵਾ ਕੇ ਤਰੱਕੀ ਦਿੱਤੀ ਜਾਵੇਗੀ। ਇਸ ਮੌਕੇ ਐਮ.ਕੇ.ਐਚ. ਦੇ ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ, ਵੇਦ ਕਪੂਰ, ਬਲਵਿੰਦਰ ਸੈਣੀ ਤੇ ਡਾ. ਵਿਕਾਸ ਗੋਇਲ ਵੀ ਮੌਜੂਦ ਸਨ।