ਸਫ਼ਾਈ ਕਾਮਿਆਂ ਨੇ ਠੇਕੇਦਾਰ ਦੇ ਘਰ ਅੱਗੇ ਕੂੜਾ ਸੁੱਟਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 21 ਮਈ
ਨਗਰ ਨਿਗਮ ਪਟਿਆਲਾ ਅਧੀਨ ਕੰਮ ਕਰਦੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਸਫ਼ਾਈ ਕਾਮਿਆਂ ਵੱਲੋਂ 10 ਸਾਲਾਂ ਤੋਂ ਆਪਣਾ ਫੰਡ ਨਾ ਮਿਲਣ ਕਾਰਨ ਅੱਜ ਕੰਪਨੀ ਦੀ ਠੇਕੇਦਾਰ ਦੇ ਘਰ ਅੱਗੇ ਕੂੜਾ ਸੁੱਟ ਕੇ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਸਾਬਕਾ ਕੌਂਸਲਰ ਵੱਲੋਂ ਪੀਐੱਫ ਦੇ 52 ਲੱਖ ਰੁਪਏ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਨਹੀਂ ਪਾਏ ਜਾ ਰਹੇ। ਜਾਣਕਾਰੀ ਅਨੁਸਾਰ ਨਗਰ ਨਿਗਮ ਵਿੱਚ ਪਿਛਲੇ ਦਿਨ ਤੋਂ ਆਊਟਸੋਰਸ ਤਹਿਤ ਕੰਮ ਰਹੇ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀ ਹੜਤਾਲ ਕੀਤੀ ਹੋਈ ਹੈ ਅਤੇ ਉਹ ਆਪਣੇ ਬਕਾਏ ਲੈਣ ’ਤੇ ਅੜੇ ਹੋਏ ਹਨ। ਮੁਲਾਜ਼ਮਾਂ ਵੱਲੋਂ ਕੱਲ੍ਹ ਨਿਗਮ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਵੱਲੋਂ ਸਾਬਕਾ ਕੌਂਸਲਰ ਅਤੇ ਕੰਪਨੀ ਦੀ ਦੇ ਘਰ ਅੱਗੇ ਕੂੜਾ ਸੁੱਟ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਮੁਲਾਜ਼ਮਾਂ ਵੱਲੋਂ ਠੇਕੇਦਾਰ ਦੇ ਘਰ ਅੱਗੇ ਹੀ ਧਰਨਾ ਲਾਇਆ ਗਿਆ। ਮੁਲਾਜ਼ਮ ਆਗੂ ਵਿਜੈ ਕਲਿਆਣ ਤੇ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਆਊਟ ਸੋਰਸ ਤਹਿਤ ਨਿਗਮ ਅੰਦਰ ਕਈ ਮੁਲਾਜ਼ਮ ਕੰਮ ਰਹੇ ਹਨ, ਪਰ 10 ਸਾਲਾਂ ਤੋਂ ਠੇਕੇਦਾਰ ਵੱਲੋਂ ਉਨ੍ਹਾਂ ਦੇ ਫੰਡ ਨਹੀਂ ਜਾਰੀ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੇ ਫੰਡਾਂ ਦਾ 52 ਲੱਖ ਰੁਪਏ ਬਕਾਇਆ ਪਿਆ ਹੈ। ਇਸ ਸਬੰਧੀ ਕਈ ਵਾਰ ਨਿਗਮ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਉਹ ਮਿਹਨਤ ਕਰਕੇ ਸ਼ਹਿਰ ਦੀ ਸਫ਼ਾਈ ਕਰ ਰਹੇ ਹਨ, ਪਰ ਕਾਮਿਆਂ ਨੂੰ ਉਨ੍ਹਾਂ ਦੇ ਬਣਦੇ ਫੰਡਾਂ ਦੇ ਪੈਸੇ 10 ਸਾਲਾਂ ਤੋਂ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਣਦੇ ਪੈਸੇ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਇੱਥੇ ਕੂੜਾ ਇਸੇ ਤਰ੍ਹਾਂ ਰਹੇਗਾ ਅਤੇ ਕੱਚੇ ਕਾਮਿਆਂ ਵੱਲੋਂ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਵੀ ਇਨ੍ਹਾਂ ਕਾਮਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ।