ਖੇਤਰੀ ਪ੍ਰਤੀਨਿਧਲੁਧਿਆਣਾ, 11 ਜਨਵਰੀਇਥੋਂ ਦੇ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਜ਼ੋਸ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਲੋਹੜੀ ਦੀ ਪਵਿੱਤਰ ਅਗਨੀ ਵਿੱਚ ਤਿਲਚੌਲੀ, ਮੂੰਗਫਲੀਆਂ, ਖਿੱਲਾਂ, ਰਿਓੜੀਆਂ ਤੇ ਚਿਰਵੜੇ ਆਦਿ ਭੇਟ ਕੀਤੇ ਗਏ। ਇਸ ਮੌਕੇ ਪੰਜਾਬੀ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਸੱਭਿਆਚਾਰਕ ਗੀਤਾਂ ਤੇ ਰੰਗਾ-ਰੰਗ ਲੋਕ ਨਾਚ ਦੀ ਪੇਸ਼ਕਾਰੀ ਨਾਲ ਸਾਰਿਆਂ ਝੂਮਣ ਲਾ ਦਿੱਤਾ। ਸਕੂਲ ਕੈਂਪਸ ਨੂੰ ਵੀ ਪਤੰਗਾਂ ਅਤੇ ਹੋਰ ਸਜਾਵਟੀ ਸਾਮਾਨ ਨਾਲ ਸਜਾਇਆ ਹੋਇਆ ਸੀ। ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਵੀ ਲੋਹੜੀ ਵੰਡੀ।ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਬੱਚਿਆਂ ਨੂੰ ਚੀਨੀ ਡੋਰ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਤੇ ਪ੍ਰੇਰਿਤ ਕੀਤਾ ਕਿ ਖੁਸ਼ੀ ਦੇ ਇਸ ਤਿਉਹਾਰ ਮੌਕੇ ਇਸ ਜਾਨਲੇਵਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਸਾਰੇ ਬੱਚਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਭਵਿੱਖ ਵਿੱਚ ਵੀ ਖੂਬ ਮਿਹਨਤ ਕਰਦੇ ਹੋਏ ਆਪਣੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ।