ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਦਾ ਲਈ ਖ਼ਾਮੋਸ਼ ਹੋਇਆ ਟਾਈਗਰਮੈਨ

04:08 AM Jun 08, 2025 IST
featuredImage featuredImage

ਕ੍ਰਿਸ਼ਨ ਕੁਮਾਰ ਰੱਤੂ *

Advertisement

ਭਾਰਤ ਦੇ ਟਾਈਗਰਮੈਨ ਵਜੋਂ ਜਾਣੇ ਜਾਂਦੇ ਉੱਘੇ ਜੰਗਲੀ ਜੀਵ ਮਾਹਿਰ ਤੇ ਬਾਘਾਂ ਦੀ ਦੁਨੀਆ ਦੇ ਬਿਹਤਰੀਨ ਸਿਨਮੈਟੋਗਰਾਫਰ ਅਤੇ ਲੇਖਕ ਵਾਲਮੀਕ ਥਾਪਰ ਦੇ ਦੇਹਾਂਤ ਨਾਲ ਪੂਰੀ ਦੁਨੀਆ ਦੇ ਪ੍ਰਕਿਰਤੀ ਪ੍ਰੇਮੀ ਸਦਮੇ ਵਿੱਚ ਹਨ।
ਵਾਲਮੀਕ ਥਾਪਰ ਪੂਰੀ ਦੁਨੀਆ ਵਿੱਚ ਜੰਗਲੀ ਜਾਨਵਰਾਂ, ਖ਼ਾਸਕਰ ਟਾਈਗਰ ਅਰਥਾਤ ਬਾਘਾਂ ਨੂੰ ਬਚਾਉਣ ਪ੍ਰਤੀ ਸਮਰਪਿਤ ਸ਼ਖ਼ਸੀਅਤ ਸੀ। ਉਸ ਨੇ ਬਾਘਾਂ ਨੂੰ ਦੁਨੀਆ ਸਾਹਮਣੇ ਇਸ ਪੱਖ ਤੋਂ ਪੇਸ਼ ਕੀਤਾ ਕਿ ਸ਼ਕਤੀਸ਼ਾਲੀ ਬਾਘ ਵੀ ਇਨਸਾਨ ਦੀ ਤਰ੍ਹਾਂ ਕੋਮਲ ਦਿਲ ਹੋ ਸਕਦਾ ਹੈ ਤੇ ਉਨ੍ਹਾਂ ਦੇ ਆਪਸੀ ਰਿਸ਼ਤੇ ਵੀ ਇੰਨੇ ਹੀ ਕੋਮਲ ਹੁੰਦੇ ਹਨ। ਇਸ ਦਾ ਜ਼ਿਕਰ ਉਸ ਨੇ ਆਪਣੀਆਂ ਕਿਤਾਬਾਂ ਵਿੱਚ ਵੀ ਕੀਤਾ ਹੈ।
ਵਾਲਮੀਕ ਥਾਪਰ ਹੱਸਮੁਖ ਤੇ ਹਰਫ਼ਨਮੌਲਾ ਸ਼ਖ਼ਸੀਅਤ ਦਾ ਮਾਲਕ ਸੀ। ਉਸ ਨੇ ਪ੍ਰਕਿਰਤੀ ਅਤੇ ਜੰਗਲੀ ਜਾਨਵਰਾਂ ਦੇ ਨੇੜੇ ਹੋ ਕੇ ਇਸ ਤਰ੍ਹਾਂ ਦਾ ਜੀਵਨ ਆਤਮਸਾਤ ਕੀਤਾ ਕਿ ਉਹ ਬਾਘਾਂ ਦੇ ਮਸੀਹਾ ਵਜੋਂ ਪੂਰੀ ਦੁਨੀਆ ਵਿੱਚ ਜਾਣਿਆ ਗਿਆ।
ਵਾਲਮੀਕ ਥਾਪਰ ਦੇਸ਼ ਦੇ ਉਨ੍ਹਾਂ ਗਿਣਤੀ ਦੇ ਸਿਨਮੈਟੋਗਰਾਫਰਾਂ, ਫਿਲਮਸਾਜ਼ਾਂ, ਟੈਲੀਵਿਜ਼ਨ ਪੇਸ਼ਕਾਰਾਂ ਅਤੇ ਖੋਜ ਭਰਪੂਰ ਕਿਤਾਬਾਂ ਦੇ ਲੇਖਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਸਮੇਂ ਸਮੇਂ ’ਤੇ ਜੰਗਲੀ ਬਾਘਾਂ ਦੀਆਂ ਤਸਵੀਰਾਂ ਅਤੇ ਦਸਤਾਵੇਜ਼ੀ ਫਿਲਮਾਂ ਬਣਾਈਆਂ। ਇਸ ਕਰਕੇ ਉਹ ਟਾਈਗਰਮੈਨ ਆਫ ਇੰਡੀਆ ਕਹਾਇਆ। ਵਾਲਮੀਕ ਥਾਪਰ ਉਸ ਪਰਿਵਾਰ ਵਿੱਚੋਂ ਸੀ, ਜਿਸ ਦੀ ਲਿਖਣ-ਪੜ੍ਹਨ ਦੇ ਮਾਮਲੇ ਵਿੱਚ ਉੱਚ ਕੋਟੀ ਦੀ ਮਰਿਆਦਾ ਅਤੇ ਦੇਸ਼ ਭਰ ਵਿੱਚ ਨਾਮ ਹੈ।‌ ਵਾਲਮੀਕ ਥਾਪਰ ਦਾ ਜਨਮ 31 ਮਈ 1952 ਨੂੰ ਮੁੰਬਈ ਵਿੱਚ ਲੇਖਕ ਪੱਤਰਕਾਰ ਪਿਤਾ ਰਮੇਸ਼ ਥਾਪਰ ਅਤੇ ਮਾਂ ਰਾਜ ਥਾਪਰ ਦੇ ਘਰ ਵਿੱਚ ਹੋਇਆ।‌ ਦੇਸ਼ ਦੀ ਪ੍ਰਸਿੱਧ ਇਤਿਹਾਸਕਾਰ ਰੋਮਿਲਾ ਥਾਪਰ ਰਿਸ਼ਤੇ ਵਿੱਚੋਂ ਉਸ ਦੀ ਭੂਆ ਹੈ। ਸੇਂਟ ਸਟੀਫਨਜ਼ ਤੇ ਹੋਰ ਮਹਿੰਗੇ ਸਕੂਲਾਂ ਵਿੱਚੋਂ ਪੜ੍ਹਾਈ ਕਰਨ ਵਾਲਾ ਥਾਪਰ 1980ਵਿਆਂ ਵਿੱਚ ਰਾਜਸਥਾਨ ਵਿੱਚ ਬਾਘਾਂ ਦੀ ਰਣਥਮਬੋਰ ਰੱਖ ਨਾਲ ਜੁੜਿਆ ਅਤੇ ਰਣਥਮਬੋਰ ਫਾਊਂਡੇਸ਼ਨ ਬਣਾਈ। ਇਹ ਸਭ ਫ਼ਤਿਹ ਸਿੰਘ ਰਾਠੌਰ ਦੀ ਦੋਸਤੀ ਸਦਕਾ ਸੰਭਵ ਹੋਇਆ, ਜਿਸ ਕਾਰਨ ਵਾਲਮੀਕ ਥਾਪਰ ਵਾਈਲਡ ਲਾਈਫ ਲੇਖਕ, ਫੋਟੋਗ੍ਰਾਫਰ ਅਤੇ ਸਿਨਮੈਟੋਗਰਾਫਰ ਵਜੋਂ ਸਮਰਪਿਤ ਹੋ ਗਿਆ।
ਉਸ ਨੇ ਸ਼ਸ਼ੀ ਕਪੂਰ ਦੀ ਧੀ ਸੰਜਨਾ ਕਪੂਰ ਨਾਲ ਵਿਆਹ ਕਰਵਾਇਆ ਅਤੇ ਦੋਵਾਂ ਦਾ ਇੱਕ ਪੁੱਤਰ ਹੈ। ਉਹ ਬੇਹੱਦ ਸੰਜੀਦਾ ਅਤੇ ਸਮੇਂ ਦਾ ਪਾਬੰਦ ਲੇਖਕ, ਪੱਤਰਕਾਰ ਅਤੇ ਫਿਲਮਸਾਜ਼ ਸੀ ਜਿਸ ਨੇ ਜ਼ਿੰਦਗੀ ਵਿੱਚ ਕਦੇ ਇੱਕ ਵੀ ਮਿੰਟ ਫਜ਼ੂਲ ਨਹੀਂ ਗੁਆਇਆ।‌
ਮੈਨੂੰ ਜੈਪੁਰ ਤੇ ਮੁੰਬਈ ਵਿੱਚ ਉਸ ਨਾਲ ਮੁਲਾਕਾਤ ਕਰਨ ਦੇ ਮੌਕੇ ਮਿਲੇ। ਉਹ ਹਮੇਸ਼ਾ ਮਿਣਵੀਂ-ਤੁਲਵੀਂ ਗੱਲ ਕਰਦਾ ਅਤੇ ਬਾਘਾਂ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਿਆਨ ਕਰਦਾ ਜਿਵੇਂ ਉਹ ਉਸ ਦੇ ਆਪਣੇ ਪਰਿਵਾਰ ਦੇ ਜੀਅ ਹੋਣ। ਇਸੇ ਕਾਰਨ ਉਹ ਭਾਰਤ ਸਰਕਾਰ ਦੀਆਂ ਕਈ ਕਮੇਟੀਆਂ ਵਿੱਚ ਸ਼ਾਮਲ ਰਿਹਾ ਅਤੇ ਵਿਸ਼ਵ ਮੰਚ ’ਤੇ ਜੰਗਲੀ ਜੀਵਨ ਲੇਖਕ ਅਤੇ ਚਿੰਤਕ ਵਜੋਂ ਭਾਰਤ ਦੀ ਪ੍ਰਤੀਨਿਧਤਾ ਕਰਦਾ ਰਿਹਾ। ਉਸ ਨੇ 40 ਸਾਲ ਬਾਘਾਂ ਲਈ ਕੰਮ ਕੀਤਾ।
ਮਛਲੀ ਨਾਂ ਦੀ ਬਾਘਣ ਦੀਆਂ ਤਸਵੀਰਾਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਹਨ। ਜ਼ਿਕਰਯੋਗ ਹੈ ਕਿ ਉਸ ਦੀਆਂ ਇਹ ਤਸਵੀਰਾਂ ਵਾਲਮੀਕ ਥਾਪਰ ਨੇ ਖਿੱਚੀਆਂ ਸਨ।‌ ਵਾਲਮੀਕ ਥਾਪਰ ਵਿੱਚ ਬਾਘਾਂ ਦੀਆਂ ਤਸਵੀਰਾਂ ਖਿੱਚਣ ਅਤੇ ਉਨ੍ਹਾਂ ਬਾਰੇ ਦਸਤਾਵੇਜ਼ੀ ਫਿਲਮਾਂ ਬਣਾਉਣ ਲਈ ਘੰਟਿਆਂ, ਮਹੀਨਿਆਂ ਬੱਧੀ ਇੱਕ ਥਾਂ ’ਤੇ ਬੈਠ ਕੇ ਲਗਾਤਾਰ ਬਾਘਾਂ ਦੇ ਵਿਹਾਰ ਅਤੇ ਜੀਵਨ ਨੂੰ ਕੈਮਰੇ ਵਿੱਚ ਕੈਦ ਕਰਨ ਦਾ ਵਿਲੱਖਣ ਹੁਨਰ ਅਤੇ ਸਿਰੜ ਸੀ।
ਉਹ ਭਾਰਤ ਵਿੱਚ ਜੰਗਲੀ ਜੀਵਾਂ ਦੀ ਸੰਭਾਲ ਲਈ ਸਭ ਤੋਂ ਭਾਵੁਕ ਅਤੇ ਪ੍ਰਭਾਵਸ਼ਾਲੀ ਆਵਾਜ਼ਾਂ ਵਿੱਚੋਂ ਇੱਕ ਸੀ। ਜੰਗਲੀ ਜੀਵਨ ਵਿੱਚ ਉਸ ਦੀ ਦਿਲਚਸਪੀ 1970 ਵਿੱਚ ਰਣਥਮਬੋਰ ਦੇ ਜੰਗਲਾਂ ਵਿੱਚ ਪਣਪੀ ਸੀ, ਜਿੱਥੇ ਉਸ ਨੇ ਵੱਡੇ ਸਿੰਙਾਂ ਵਾਲੀਆਂ ਭੇਡਾਂ ਦੇਖੀਆਂ, ਜੀਵ ਪ੍ਰਜਾਤੀਆਂ ਤੇ ਲੈਂਡਸਕੇਪ ਨਾਲ ਜੀਵਨ ਭਰ ਦਾ ਰਿਸ਼ਤਾ ਬਣਾਇਆ ਅਤੇ ਬਾਘਾਂ ਪ੍ਰਤੀ ਆਪਣੇ ਜਨੂੰਨ ਸਦਕਾ ਆਧੁਨਿਕ ਭਾਰਤ ਵਿੱਚ ਉਨ੍ਹਾਂ ਦੀ ਸੰਭਾਲ ਕਰਨ ਲਈ ਲਹਿਰ ਚਲਾਉਣ ਵਾਲਿਆਂ ਵਿੱਚ ਸ਼ੁਮਾਰ ਸਨ।
ਉਸ ਨੇ ਭਾਰਤ ਦੇ ਜੰਗਲੀ ਜੀਵਾਂ ਬਾਰੇ 40 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਲੈਂਡ ਆਫ ਦਿ ਟਾਈਗਰ, ਟਾਈਗਰ: ਦਿ ਅਲਟੀਮੇਟ ਗਾਈਡ, ਦਿ ਸੀਕਰੇਟ ਲਾਈਫ ਆਫ ਟਾਈਗਰਜ਼ ਅਤੇ ਦਿ ਇਲਸਟ੍ਰੇਟਡ ਟਾਈਗਰਜ਼ ਆਫ ਇੰਡੀਆ ਵਰਗੀਆਂ ਪ੍ਰਸ਼ੰਸਾਯੋਗ ਕਿਤਾਬਾਂ ਸ਼ਾਮਲ ਹਨ। ਵਾਲਮੀਕ ਥਾਪਰ ਦੀਆਂ ਦਸਤਾਵੇਜ਼ੀ ਫਿਲਮਾਂ ਦੇ ਦਿਲਚਸਪ ਬਿਰਤਾਂਤ ਹਨ। ਇਸ ਸਦਕਾ ਉਸ ਦਾ ਕੰਮ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਯੋਗ ਅਤੇ ਉਨ੍ਹਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ। ਉਸ ਦੀਆਂ ਲਿਖਤਾਂ ਨੇ ਜੰਗਲੀ ਜੀਵਨ ਪ੍ਰਤੀ ਭਾਰਤ ਦੇ ਮੱਧ ਵਰਗ ਅਤੇ ਨੀਤੀਘਾੜਿਆਂ ਦੇ ਨਜ਼ਰੀਏ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ। ਉਸ ਨੇ ਬੀਬੀਸੀ, ਡਿਸਕਵਰੀ ਚੈਨਲ, ਐਨੀਮਲ ਪਲੈਨੈੱਟ ਅਤੇ ਦੂਰਦਰਸ਼ਨ ਲਈ ਕੰਮ ਕੀਤਾ। ਉਸ ਦੀ ਬਣਾਈ ਲੈਂਡ ਆਫ ਦਿ ਟਾਈਗਰ, ਭਾਰਤ ਦੀ ਜੰਗਲੀ ਵਿਰਾਸਤ ਦੇ ਸਭ ਤੋਂ ਸ਼ਕਤੀਸ਼ਾਲੀ ਵਿਜ਼ੂਅਲ ਇਤਿਹਾਸਾਂ ਵਿੱਚ ਸ਼ੁਮਾਰ ਹੈ।
ਵਾਲਮੀਕ ਥਾਪਰ ਨੇ ਰਣਥਮਬੋਰ ਫਾਊਂਡੇਸ਼ਨ ਦੀ ਸਥਾਪਨਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਦਾ ਮੰਨਣਾ ਸੀ ਕਿ ਲੋਕਾਂ ਤੋਂ ਬਿਨਾਂ ਇਹ ਕਾਰਜ ਸਫਲ ਨਹੀਂ ਹੋ ਸਕਦੇ। ਉਸ ਦੀਆਂ ਲਿਖਤਾਂ ਪ੍ਰੋਜੈਕਟ ਟਾਈਗਰ ਦੀ ਕਥਿਤ ਅਸਫ਼ਲਤਾ ਦਾ ਵਿਸ਼ਲੇਸ਼ਣ ਕਰਦੀਆਂ ਹਨ, ਜੋ ਕਿ 1973 ਵਿੱਚ ਭਾਰਤ ਸਰਕਾਰ ਦੁਆਰਾ ਬਣਾਈ ਗਈ ਸੰਭਾਲ ਵਿਧੀ ਹੈ। ਉਸ ਨੇ ਪ੍ਰੋਜੈਕਟ ਟਾਈਗਰ ਦੀ ਆਲੋਚਨਾ ਕਰਦਿਆਂ ਇਸ ਦੇ ਮਾੜੇ ਪ੍ਰਬੰਧਾਂ ਵੱਲ ਧਿਆਨ ਖਿੱਚਿਆ। ਉਸ ਦੀ ਆਖ਼ਰੀ ਕਿਤਾਬ ‘ਦਿ ਲਾਸਟ ਟਾਈਗਰ’ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਉਂਦੀ ਹੈ। ਸਾਡਾ ਦੇਸ਼ ਵਾਲਮੀਕ ਥਾਪਰ ਨਾਂ ਦੇ ਇਸ ਸਿਰੜੀ ਸ਼ਖ਼ਸ ਨੂੰ ਹਮੇਸ਼ਾ ਯਾਦ ਰੱਖੇਗਾ।
* ਉੱਘਾ ਬ੍ਰਾਡਕਾਸਟਰ ਅਤੇ ਮੀਡੀਆ ਵਿਸ਼ਲੇਸ਼ਕ।
ਸੰਪਰਕ: 94787-30156

Advertisement
Advertisement