ਸੜਕ ਹਾਦਸੇ ’ਚ ਨੌਜਵਾਨ ਹਲਾਕ, ਇੱਕ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਦਸੰਬਰ
ਵੱਖ ਵੱਖ ਥਾਵਾਂ ’ਤੇ ਹੋਏ ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਹੈਬੋਵਾਲ ਵਾਸੀ ਚੰਦਰ ਰਤਰਾ ਨੇ ਦੱਸਿਆ ਕਿ ਉਸ ਦੇ ਭਤੀਜੇ ਨਕੁਲ ਰੱਤਰਾ ਦੀ ਵੇਰਕਾ ਕੱਟ ’ਤੇ ਕਿਸੇ ਅਣਪਛਾਤੇ ਵਾਹਨ ਸਵਾਰ ਨਾਲ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਹੈ। ਥਾਣੇਦਾਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਥਾਣਾ ਸਦਰ ਦੀ ਪੁਲੀਸ ਨੂੰ ਪਿੰਡ ਲਲਤੋਂ ਕਲਾਂ ਵਾਸੀ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਤਵਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ। ਉਹ ਜਦੋਂ ਚੌਕ ਪਿੰਡ ਥਰੀਕੇ ਕੋਲ ਪੁੱਜਾ ਤਾਂ ਇਕ ਗੱਡੀ ਅਰਟਿਗਾ ਦੇ ਅਣਪਛਾਤੇ ਚਾਲਕ ਨੇ ਆਪਣੀ ਗੱਡੀ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਦੇ ਭਰਾ ਨੂੰ ਫੇਟ ਮਾਰੀ ਅਤੇ ਗੱਡੀ ਸਣੇ ਫ਼ਰਾਰ ਹੋ ਗਿਆ। ਉਸ ਦੇ ਭਰਾ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਥਾਣੇਦਾਰ ਸਾਰਜ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।