ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਪੱਤਰ ਪ੍ਰੇਰਕ
ਧਾਰੀਵਾਲ, 27 ਅਪਰੈਲ
ਇੱਥੇ ਸ਼ਹਿਰ ਧਾਰੀਵਾਲ ਦੇ ਬਟਾਲਾ ਰੋਡ ਉਪਰ ਬਾਬਾ ਬੰਦਾ ਬਹਾਦਰ ਸਕੂਲ ਨੇੜੇ ਲੰਘੀ ਰਾਤ ਤੇਜ਼ ਰਫ਼ਤਾਰ ਇੱਕ ਪ੍ਰਾਈਵੇਟ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਸ਼ਿਵ ਸੈਨਾ ਆਗੂ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਵ ਸੈਨਾ ਟਕਸਾਲੀ ਦੇ ਆਗੂ ਅਨਿਲ ਖੋਸਲਾ ਉਰਫ ਕਾਲੂ (27) ਪੁੱਤਰ ਅਸ਼ਵਨੀ ਕੁਮਾਰ ਵਾਸੀ ਖਾਲ ਵਾਲੀ ਗਲੀ, ਧਾਰੀਵਾਲ ਵਜੋਂ ਹੋਈ ਹੈ। ਉਹ ਸ਼ਹਿਰ ਵਿੱਚ ਡੱਡਵਾਂ ਰੋਡ ’ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਨਿਲ ਖੋਸਲਾ ਉਰਫ ਕਾਲੂ ਲੰਘੀ ਸ਼ਨਿੱਚਰਵਾਰ ਰਾਤ ਨੂੰ ਕਰੀਬ ਪੌਣੇ ਨੌਂ ਵਜੇ ਮੋਟਰਸਾਈਕਲ ’ਤੇ ਕਿਸੇ ਨਿੱਜੀ ਕੰਮ ਲਈ ਸ਼ਹਿਰ ਦੀ ਬਟਾਲਾ ਰੋਡ ’ਤੇ ਜਾ ਰਿਹਾ ਸੀ ਕਿ ਜਦੋਂ ਉਹ ਭੱਠਾ ਕਲੋਨੀ ਤੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਦੇ ਨੇੜੇ ਪਹੁੰਚਾ ਤਾਂ ਅੱਗੋਂ ਬਟਾਲਾ ਸਾਈਡ ਤੋਂ ਆਈ ਇੱਕ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਬੱਸ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਕੇ ਕੁਚਲ ਦਿੱਤਾ। ਹਾਦਸੇ ਦੌਰਾਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਬੱਸ ਦਾ ਡਰਾਈਵਰ ਮੌਕੇ ਤੋਂ ਬੱਸ ਨੂੰ ਭਜਾ ਕੇ ਲੈ ਗਿਆ। ਥਾਣਾ ਸੇਖਵਾਂ ਦੀ ਪੁਲੀਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏਐੱਸਆਈ ਦੀਦਾਰ ਸਿੰਘ ਨੇ ਦੱਸਿਆ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ ਅਤੇ ਪ੍ਰਾਈਵੇਟ ਬੱਸ ਨੰਬਰ ਬੀਪੀ 02 ਬੀਡੀ 9627 ਦੇ ਡਰਾਈਵਰ ਬਲਵਿੰਦਰ ਸਿੰਘ ਵਾਸੀ ਰੋੜਾਂਵਾਲੀ, ਥਾਣਾ ਤਿੱਬੜ ਵਿਰੁੱਧ ਕੇਸ ਦਰਜ ਕਰ ਲਿਆ ਹੈ ਜਦਕਿ ਬੱਸ ਅਤੇ ਡਰਾਈਵਰ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।