ਸੜਕ ਹਾਦਸੇ ਕਾਰਨ ਐਂਬੂਲੈਂਸ ਡਰਾਈਵਰ ਦੀ ਮੌਤ
ਪੱਤਰ ਪ੍ਰੇਰਕ
ਜਲੰਧਰ, 28 ਦਸੰਬਰ
ਇਥੋਂ ਦੇ ਚੌਗਿੱਟੀ ਫਲਾਈਓਵਰ ਨੇੜੇ ਇਕ ਤੇਜ਼ ਰਫਤਾਰ ਟਰਾਲੇ ਨਾਲ ਐਂਬੂਲੈਂਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਐਂਬੂਲੈਂਸ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮਨੀਕ ਸਿੰਘ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਐਂਬੂਲੈਂਸ ਰਾਹੀਂ ਇਲਾਜ ਲਈ ਜਲੰਧਰ ਲਿਆਂਦਾ ਜਾ ਜਾ ਰਿਹਾ ਮਰੀਜ਼ ਵੀ ਗੰਭੀਰ ਜ਼ਖਮੀ ਸੀ, ਜਿਸ ਨੂੰ ਤੁਰੰਤ ਦੂਜੀ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਭੇਜਿਆ ਗਿਆ। ਐਂਬੂਲੈਂਸ ਚਾਲਕ ਦੀ ਮੌਤ ਦੀ ਪੁਸ਼ਟੀ ਥਾਣਾ ਰਾਮਾਮੰਡੀ ਦੇ ਐੱਸਐੱਚਓ ਪਰਮਿੰਦਰ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਨੁਕਸਾਨੇ ਵਾਹਨਾਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਆਵਾਜਾਈ ਬਹਾਲ ਕਰਵਾਈ। ਮ੍ਰਿਤਕ ਦੇ ਦੋਸਤ ਸਿਧਾਰਥ ਅਰੋੜਾ ਨੇ ਦੱਸਿਆ ਕਿ ਉਸ ਨੂੰ ਸਵੇਰੇ 4 ਵਜੇ ਜਲੰਧਰ ਪੁਲੀਸ ਦਾ ਫੋਨ ਆਇਆ। ਉਨ੍ਹਾਂ ਕਿਹਾ ਕਿ ਰਮਣੀਕ ਸਿੰਘ ਦਾ ਜਲੰਧਰ ਵਿੱਚ ਐਕਸੀਡੈਂਟ ਹੋ ਗਿਆ ਸੀ। ਉਹ ਤੁਰੰਤ ਆਪਣੇ ਪਰਿਵਾਰ ਸਮੇਤ ਜਲੰਧਰ ਲਈ ਰਵਾਨਾ ਹੋ ਗਿਆ ਅਤੇ ਰਸਤੇ ’ਚ ਉਸ ਨੇ ਦੁਬਾਰਾ ਫੋਨ ਕਰਕੇ ਪੁੱਛਿਆ ਤਾਂ ਉਸ ਦੀ ਮੌਤ ਬਾਰੇ ਜਾਣਕਾਰੀ ਮਿਲੀ। ਸਿਧਾਰਥ ਨੇ ਦੱਸਿਆ ਕਿ ਰਮਨੀਕ ਸਿੰਘ ਐਂਬੂਲੈਂਸ ਦਾ ਡਰਾਈਵਰ ਸੀ। ਉਹ ਸ਼ੁੱਕਰਵਾਰ ਦੇਰ ਰਾਤ ਅੰਮ੍ਰਿਤਸਰ ਤੋਂ ਮਰੀਜ਼ ਨੂੰ ਜਲੰਧਰ ਦੇ ਗੜਾ ਰੋਡ ਸਥਿਤ ਐੱਸਜੀਐੱਲ ਹਸਪਤਾਲ ਵਿੱਚ ਸ਼ਿਫਟ ਕਰਨ ਲਈ ਲਿਆ ਰਿਹਾ ਸੀ।