ਸੜਕ ਹਾਦਸਾ ਪੀੜਤਾਂ ਲਈ ਕੈਸ਼ਲੈੱਸ ਇਲਾਜ ਯੋਜਨਾ ਲਾਗੂ
ਨਵੀਂ ਦਿੱਲੀ: ਦੇਸ਼ ’ਚ ਸੜਕ ਹਾਦਸਾ ਪੀੜਤਾਂ ਨੂੰ ਨਿਰਧਾਰਤ ਹਸਪਤਾਲਾਂ ’ਚ ਪਹਿਲੇ ਸੱਤ ਦਿਨ ਲਈ ਡੇਢ ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਮਿਲੇਗੀ। ਇੱਕ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵੱਲੋਂ ਅੱਜ ਜਾਰੀ ਨੋਟੀਫਿਕੇਸ਼ਨ ਅਨੁਸਾਰ (ਸੜਕ ਹਾਦਸਾ ਪੀੜਤਾਂ ਲਈ ਕੈਸ਼ਲੈੱਸ ਇਲਾਜ ਯੋਜਨਾ, 2025) ਯੋਜਨਾ ਪੰਜ ਮਈ ਤੋਂ ਲਾਗੂ ਹੋ ਗਈ ਹੈ। ਇਸ ਯੋਜਨਾ ਦਾ ਮਕਸਦ ਸਮੇਂ ’ਤੇ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਹਰ ਸਾਲ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟਾਉਣਾ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ, ‘ਕਿਸੇ ਵੀ ਸੜਕ ’ਤੇ ਮੋਟਰ ਵਾਹਨ ਨਾਲ ਹਾਦਸੇ ਦਾ ਸ਼ਿਕਾਰ ਹੋਣ ਵਾਲਾ ਕੋਈ ਵੀ ਵਿਅਕਤੀ ਇਸ ਯੋਜਨਾ ਦੀਆਂ ਵਿਵਸਥਾਵਾਂ ਅਨੁਸਾਰ ਕੈਸ਼ਲੈੱਸ ਇਲਾਜ ਦਾ ਹੱਕਦਾਰ ਹੋਵੇਗਾ।’ ਕੌਮੀ ਸਿਹਤ ਅਥਾਰਿਟੀ (ਐੱਨਐੱਚਏ) ਨੂੰ ਪੁਲੀਸ, ਹਸਪਤਾਲਾਂ ਤੇ ਸੂਬਾਈ ਸਿਹਤ ਏਜੰਸੀਆਂ ਨਾਲ ਤਾਲਮੇਲ ਪ੍ਰੋਗਰਾਮ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ, ‘ਪੀੜਤ ਨੂੰ ਹਾਦਸੇ ਦੀ ਤਰੀਕ ਤੋਂ ਵੱਧ ਤੋਂ ਵੱਧ ਸੱਤ ਦਿਨ ਦੀ ਮਿਆਦ ਲਈ ਕਿਸੇ ਵੀ ਨਿਰਧਾਰਤ ਹਸਪਤਾਲ ’ਚ ਇੱਕ ਲੱਖ 50 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਦੇ ਕੈਸ਼ਲੈੱਸ ਇਲਾਜ ਦਾ ਹੱਕ ਹੋਵੇਗਾ।’ ਨੋਟੀਫਿਕੇਸ਼ਨ ਅਨੁਸਾਰ ਇਸ ਯੋਜਨਾ ਅਧੀਨ ਨਿਰਧਾਰਤ ਹਸਪਤਾਲ ਤੋਂ ਇਲਾਵਾ ਕਿਸੇ ਹੋਰ ਹਸਪਤਾਲ ’ਚ ਇਲਾਜ ਸਿਰਫ਼ ਪੀੜਤ ਦੀ ਹਾਲਤ ਸਥਿਰ ਕਰਨ ਦੇ ਮਕਸਦ ਨਾਲ ਤੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਹੋਵੇਗਾ। -ਪੀਟੀਆਈ