ਸੜਕੀ ਪ੍ਰਾਜੈਕਟ: ਬਠਿੰਡਾ ’ਚ ਘਟੇਗਾ ਵਾਹਨਾਂ ਦਾ ਘੜਮੱਸ
ਮਨੋਜ ਸ਼ਰਮਾ
ਬਠਿੰਡਾ 30 ਨਵੰਬਰ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਬਣੇ ਪੁਲ ਨੂੰ ਰਿੰਗ ਰੋਡ ਨਾਲ ਜੋੜਨ ਲਈ ਲੰਮੇ ਸਮੇਂ ਤੋਂ ਲਟਕ ਰਹੇ ਕੰਮ ਨੂੰ ਮਨਜ਼ੂਰੀ ਮਿਲ ਗਈ। ਇਸ ਸੜਕੀ ਮਾਰਗ ਨੂੰ ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਨਾਲ ਜੋੜਨ ਦਾ ਕੰਮ ਅਗਲੇ ਸਾਲ ਸ਼ੁਰੂ ਹੋ ਜਾਵੇਗਾ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕੌਮੀ ਮਾਰਗ ਨੂੰ ਮਾਡਲ ਟਾਊਨ ਫੇਜ਼-1 ਨਾਲ ਜੋੜਨ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਇਹ ਰਿੰਗ ਰੋਡ ਨਾਲ ਜੁੜਨ ਨਾਲ ਚੰਡੀਗੜ੍ਹ, ਪਟਿਆਲਾ ਤੋਂ ਆਉਣ ਵਾਲਾ ਟ੍ਰੈਫਿਕ ਵਾਇਆ ਬਠਿੰਡਾ ਦੇ ਬਾਹਰੀ ਖੇਤਰ ਰਾਹੀਂ ਤਲਵੰਡੀ ਸਾਬੋ ਨੂੰ ਜੋੜਨ ਵਾਲੀਆਂ ਸੜਕਾਂ ਤੱਕ ਪਹੁੰਚ ਸੁਖਾਲੀ ਹੋ ਜਾਵੇਗੀ। ਚੰਡੀਗੜ੍ਹ ਤੋਂ ਆਉਣ ਵਾਲੇ ਰਾਹਗੀਰ ਬਠਿੰਡਾ ਸ਼ਹਿਰ ਵਿੱਚ ਵੜਨ ਦੀ ਬਜਾਏ ਬਾਹਰੋ-ਬਾਹਰ ਤਲਵੰਡੀ ਰੋਡ ਤੱਕ ਬਿਨਾਂ ਕਿਸੇ ਟਰੈਫਿਕ ਤੋਂ ਪਾਸ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇਸ ਰੋਡ ਨੂੰ ਨੈਸ਼ਨਲ ਹਾਈਵੇਅ ਆਥਰਿਟੀ ਆਫ਼ ਇੰਡੀਆ ਵੱਲੋਂ ਬਣਾਇਆ ਜਾਵੇਗਾ। ਼ਐੱਨਐੱਚਏ ਆਈ ਵੱਲੋਂ ਜਾਰੀ ਕੀਤੇ ਗਏ ਅਕਤੂਬਰ ਮਹੀਨੇ ਦੌਰਾਨ ਇੱਕ ਪੱਤਰ ਮੁਤਾਬਕ ਇਸ ਪ੍ਰਾਜੈਕਟ ਲਈ 39.73 ਕਰੋੜ ਦੇ ਕਰੀਬ ਦੀ ਰਾਸ਼ੀ ਦਾ ਅਸਟੀਮੇਟ ਪਾਸ ਕੀਤਾ ਗਿਆ ਹੈ, ਜਿਸ ਲਈ ਬਕਾਇਦਾ ਤੌਰ ਤੇ ਟੈਂਡਰ ਮੰਗਣ ਲਈ ਵੀ ਕਹਿ ਦਿੱਤਾ ਗਿਆ। ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀ ਰਾਜੀਵ ਕੁਮਾਰ ਨੇ ਇਸ ਪ੍ਰਾਜੈਕਟ ਬਾਰੇ ਕਿਹਾ ਇਨ੍ਹਾਂ ਪ੍ਰਾਜੈਕਟਾਂ ਲਈ ਬਕਾਇਦਾ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਇਸ ਦਾ ਕੰਮ ਆਗਾਮੀ ਵਰ੍ਹੇ ਤੋਂ ਸੁਰੂ ਹੋਣ ਉਮੀਦ ਹੈ।