ਝੱਖੜ ਕਾਰਨ ਡਿੱਗੇ ਦਰੱਖ਼ਤ ਸੜਕਾਂ ਤੋਂ ਨਾ ਚੁੱਕਣ ਕਾਰਨ ਹਾਦਸਿਆਂ ਦਾ ਖ਼ਤਰਾ
ਬੀਰਬਲ ਰਿਸ਼ੀ
ਸ਼ੇਰਪੁਰ, 20 ਮਈ
ਸ਼ੇਰਪੁਰ-ਧੂਰੀ ਮੁੱਖ ਸੜਕ ਨੇੜੇ ਜਹਾਂਗੀਰ ਸਮੇਤ ਕਈ ਥਾਵਾਂ ’ਤੇ ਝੱਖੜ ਕਾਰਨ ਚਾਰ ਹਫ਼ਤੇ ਪਹਿਲਾਂ ਡਿੱਗੇ ਦਰੱਖ਼ਤ ਨਾ ਚੁੱਕਣ ਕਾਰਨ ਹਾਦਸਿਆਂ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਲੰਘੀ 18 ਅਪਰੈਲ ਤੋਂ ਪਿੰਡ ਜਹਾਂਗੀਰ ਦੀ ਨਹਿਰ ਤੇ ਫੈਕਟਰੀ ਦਰਮਿਆਨ ਕਈ ਦਰੱਖਤ ਡਿੱਗੇ ਪਏ ਹਨ ਜਿਨ੍ਹਾਂ ’ਚੋਂ ਬਹੁਤੇ ਦਰੱਖ਼ਤਾਂ ਨੂੰ ਚੁੱਕ ਕੇ ਲਿਜਾਣਾ ਤਾਂ ਦੂਰ ਸਗੋਂ ਇਨ੍ਹਾਂ ਦਰੱਖਤਾਂ ਨੂੰ ਸੜਕ ਦੇ ਕਿਨਾਰਿਆਂ ਤੋਂ ਵੀ ਹਟਾਇਆ ਨਹੀਂ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਕਈ ਅਣਜਾਣੇ ਰਾਹਗੀਰ ਸੱਟਾਂ ਵੀ ਖਾ ਚੁੱਕੇ ਹਨ। ਸੇਵਾਮੁਕਤ ਪੁਲੀਸ ਅਧਿਕਾਰੀ ਮਹਿੰਦਰ ਸਿੰਘ ਘਨੌਰੀ ਨੇ ਕਿਹਾ ਕਿ ਜਹਾਂਗੀਰ ਨੇੜੇ ਬਹੁਤੇ ਦਰੱਖ਼ਤ ਪਏ ਹਨ ਜਦੋਂ ਉਕਤ ਮੁੱਖ ਸੜਕ ’ਤੇ ਚਾਂਗਲੀ ਮੋੜ ਸਮੇਤ ਕਈ ਹੋਰ ਥਾਵਾਂ ’ਤੇ ਦਰੱਖ਼ਤਾਂ ਨੂੰ ਕਈ ਦਿਨ ਬੀਤ ਜਾਣ ’ਤੇ ਚੁੱਕਿਆ ਨਹੀਂ ਗਿਆ। ਇਸੇ ਦੌਰਾਨ ਇਸੇ ਸੜਕ ’ਤੇ ਇੱਕ ਢਾਬੇ ਕੋਲ ਅਜਿਹੇ ਦਰੱਖ਼ਤਾਂ ਨੂੰ ਸਾਂਭਣ ਲਈ ਬਣਾਈ ਜਗ੍ਹਾ ਤੱਕ ਦਰੱਖ਼ਤ ਲਿਆਉਣ ਵਾਲੇ ਕਾਮੇ ਦਰੱਖ਼ਤਾਂ ਨੂੰ ਕਿਸੇ ਟਰਾਲੀ, ਟਰੈਕਟਰ, ਟੈਂਪੂ ਜਾਂ ਹੋਰ ਢੋਆ-ਢੁਆਈ ਵਾਲੇ ਸਾਧਨ ’ਤੇ ਲਿਆਉਣ ਦੀ ਥਾਂ ਟਰੈਕਟਰ ਪਿੱਛੇ ਪਾ ਕੇ ਸੜਕ ਤੋਂ ਦੀ ਘੜੀਸ ਕੇ ਲਿਜਾਂਦੇ ਹਨ ਜਿਸ ਨਾਲ ਹਾਲ ਹੀ ਦੌਰਾਨ ਬਣੀ ਨਵੀਂ ਸੜਕ ਟੁੱਟਣ ਦਾ ਖ਼ਤਰਾਂ ਵੀ ਬਣਿਆ ਹੋਇਆ ਹੈ। ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਬਲਰਾਜ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਅਜਿਹਾ ਹੋਣ ’ਤੇ ਸਬੰਧਤ ਨੂੰ ਨੋਟਿਸ ਜਾਰੀ ਕਰਨਗੇ। ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਮਾਲੇਰਕੋਟਲਾ ਦਾ ਕਹਿਣਾ ਹੈ ਕਿ ਉਹ ਦਰਖੱਤਾਂ ਨੂੰ ਸੜਕ ਨੇੜਿਓਂ ਚੁੱਕਣ ਅਤੇ ਕਿਸੇ ਵੀ ਦਰੱਖ਼ਤ ਨੂੰ ਸੜਕ ਤੋਂ ਘੜੀਸ ਕੇ ਨਾ ਲਿਆਉਣ ਸਬੰਧੀ ਸਬੰਧਤ ਨੂੰ ਹਦਾਇਤ ਕਰਨਗੇ।