ਸੜਕਾਂ ਟੁੱਟਣ ਕਾਰਨ ਪਿੰਡ ਵਾਸੀਆਂ ਨੇ ਟਿੱਪਰ ਰੋਕੇ
ਹਤਿੰਦਰ ਮਹਿਤਾ
ਜਲੰਧਰ, 13 ਜੂਨ
ਆਦਮਪੁਰ ਬਲਾਕ ਦੇ ਪਿੰਡ ਕਡਿਆਣਾ ਦੇ ਲੋਕਾਂ ਨੇ ਜਗਨਪੁਰ ਵਿਖੇ ਚਲ ਰਹੇ ਵਾਟਰ ਟਰੀਟਮੈਂਟ ਪਲਾਂਟ ਤੋਂ ਮਿੱਟੀ ਲਿਆ ਰਹੇ ਟਿੱਪਰਾਂ ਨੂੰ ਰਸਤੇ ’ਚ ਰੋਕ ਕੇ ਅੱਗੇ ਨਹੀ ਜਾਣ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਏ ਕਿ ਮਿੱਟੀ ਦੇ ਟਿੱਪਰਾਂ ਨੇ ਉਨ੍ਹਾਂ ਦੀਆਂ ਸੜਕਾਂ ਤੋੜ ਦਿੱਤੀਆਂ ਤੇ ਨਾਲੀਆਂ ਨੂੰ ਬੰਦ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਪਿੰਡ ਦੇ ਸਰਪੰਚ ਤੀਰਥ ਰਾਮ, ਨਰੇਸ਼ ਸਿੰਘ ਪੰਚ, ਜਸਵੀਰ ਰਾਮ ਅਸ਼ੋਕ ਕੁਮਾਰ, ਜਗੀਰੀ ਰਾਮ, ਦਲੀਪ ਮੰਡਲ, ਤਰਸੇਮ ਸਿੰਘ, ਸੁਖਵੀਰ ਸਿੰਘ, ਡਾ. ਵਿਜੈ, ਸਰਬਜੀਤ, ਅਮਰਜੀਤ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਸਪੋਰਟਸ ਗਰਾਊਂਡ ਵਾਲੀ ਮੇਨ ਸੜਕ ਜੋ ਧੀਰੋਵਾਲ ਤੋਂ ਹੋਰ ਪਿੰਡਾਂ ਨੂੰ ਜਾਂਦੀ ਹੈ ਜਿੱਥੇ ਪਿੰਡ ਵਾਸੀਆਂ ਦੇ ਘਰ ਵੀ ਹਨ ਤੇ ਪਿੰਡ ਜਗਨਪੁਰ ਵਿਖੇ ਲੱਗ ਰਹੇ ਵਾਟਰ ਟਰੀਟਮੈਂਟ ਪਲਾਂਟ ਤੋਂ ਰੋਜ਼ਾਨਾ ਮਿੱਟੀ ਲੈ ਕੇ ਟਿੱਪਰ ਲੰਘ ਰਹੇ ਹਨ। ਮਿੱਟੀ ਦੇ ਟਿੱਪਰਾਂ ਨੇ ਸੜਕ ਨੂੰ ਤਾਂ ਨੁਕਸਾਨ ਪਹੁੰਚਾਇਆ ਨਾਲ ਹੀ ਇਨ੍ਹਾਂ ਘਰਾਂ ਦੇ ਪਾਣੀ ਦੇ ਨਿਕਾਸ ਲਈ ਬਣਾਈਆਂ ਗਈਆਂ ਨਾਲੀਆਂ ਵੀ ਸੜਕ ਦੇ ਦੋਨੋ ਪਾਸਿਉਂ ਤੋੜ ਕੇ ਬੰਦ ਕਰ ਦਿੱਤਾ ਹੈ ਜਿਸ ਨਾਲ ਨਾਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਰੁਕ ਗਿਆ ਤੇ ਪਾਣੀ ਉਨ੍ਹਾਂ ਦੇ ਘਰਾਂ ਵਿਚ ਵੜ੍ਹ ਗਿਆ ਤੇ ਮਕਾਨਾਂ ਦੀਆਂ ਨੀਂਹਾਂ ਵੀ ਪਾਣੀ ਖੜ੍ਹਾ ਹੋਣ ਕਾਰਣ ਬੈਠ ਰਹੀਆਂ ਹਨ ਜਿਸ ਨਾਲ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਰਿਹਾ। ਇੱਥੇ ਹੀ ਬੱਸ ਨਹੀ ਧੀਰੋਵਾਲ ਵਿਖੇ ਬਣੇ ਨਹਿਰ ਦੇ ਪੁਲ ਦੀ ਵੀ ਮਿੱਟੀ ਦੇ ਟਿਪਰਾਂ ਨੇ ਹਾਲਤ ਖਸਤਾ ਕਰ ਦਿੱਤੀ ਹੈ। ਉਨ੍ਹਾਂ ਵਲੋਂ ਹਰ ਰੋਜ਼ ਇਨ੍ਹਾਂ ਮਿੱਟੀ ਦੇ ਭਰੇ ਟਿੱਪਰਾਂ ਨੂੰ ਰੋਕ ਕੇ ਸੜਕ, ਨਾਲੀਆਂ ਤੇ ਪੁੱਲ ਦੀ ਰਿਪੇਅਰ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਪਰ ਸਮੱਸਿਆ ਹੱਲ ਨਾ ਹੋਣ ’ਤੇ ਅੱਜ ਉਨ੍ਹਾਂ ਟਿੱਪਰ ਰੋਕ ਦਿੱਤੇ। ਇਨ੍ਹਾਂ ਨੂੰ ਉਦੋਂ ਤੱਕ ਨਹੀ ਲੰਘਣ ਦਿੱਤਾ ਜਾਵੇਗਾ ਜਦ ਤੱਕ ਇਹ ਸੜਕ, ਨਾਲੀਆਂ ਤੇ ਪੁਲ ਦੀ ਰਿਪੇਅਰ ਜਾਂ ਨਵਾਂ ਬਣਾ ਕੇ ਨਹੀਂ ਦਿੰਦੇ। ਟਿੱਪਰ ਸੜਕ ’ਤੇ ਖੜ੍ਹੇ ਰਹਿਣ ਕਾਰਨ ਮਾਲਕਾਂ ਵਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਪਰ ਪੁਲੀਸ ਤੋਂ ਵੀ ਮਸਲਾ ਹੱਲ ਨਹੀ ਹੋ ਸਕਿਆ ਫਿਰ ਆਪਣੀ ਸ਼ਿਕਾਇਤ ਲੈ ਕੇ ਪਿੰਡ ਵਾਸੀ ਐਸਡੀਐਮ ਦਫਤਰ ਆਦਮਪੁਰ ਪਹੁੰਚੇ।
ਸ਼ਿਕਾਇਤ ਮਿਲਣ ’ਤੇ ਟਿੱਪਰਾਂ ਦਾ ਕੰਮ ਬੰਦ ਕਰਵਾਇਆ: ਐੱਸਡੀਐੱਮ
ਐਸਡੀਐਮ ਸਬ ਡਿਵੀਜਨ ਆਦਮਪੁਰ ਵਿਵੇਕ ਕੁਮਾਰ ਮੋਦੀ ਨੇ ਕਿਹਾ ਕਿ ਪਿੰਡ ਕਡਿਆਣਾ ਦੇ ਸਰਪੰਚ ਤੇ ਪਿੰਡ ਵਾਸੀ ਉਨ੍ਹਾਂ ਕੋਲ ਆਪਣੀ ਸਮੱਸਿਆ ਲੈ ਕੇ ਆਏ ਸਨ। ਉਨ੍ਹਾਂ ਦੀ ਸਮੱਸਿਆ ਸੁਣਨ ਤੋਂ ਬਾਅਦ ਉਨ੍ਹਾਂ ਨੇ ਟਿੱਪਰਾਂ ਦਾ ਮਿੱਟੀ ਪਾਉਣ ਦਾ ਕੰਮ ਬੰਦ ਕਰਵਾ ਦਿੱਤਾ ਹੈ ਤੇ ਇਹ ਕੰਮ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਪਿੰਡ ਦੀ ਸਮੱਸਿਆ ਦਾ ਹੱਲ ਨਹੀ ਹੋਵੇਗਾ।