ਸਖ਼ਤ ਵਿਰੋਧ ਦੇ ਬਾਵਜੂਦ ਸੀਆਈਐੱਸਐੱਫ ਦੀ ਤਾਇਨਾਤੀ ਲਈ ਬੀਬੀਐੱਮਬੀ ਬਜ਼ਿੱਦ
ਲਲਿਤ ਮੋਹਨ
ਰੋਪੜ, 24 ਮਈ
ਭਾਖੜਾ ਡੈਮ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੀ ਤਾਇਨਾਤੀ ਦਾ ਭਾਵੇਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐੱਮਬੀ) ਨੇ ਜਵਾਨਾਂ ਦੀ ਤਾਇਨਾਤੀ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਬੀਬੀਐੱਮਬੀ ਨੇ ਸੀਆਈਐੱਸਐੱਫ ਦੇ 142 ਜਵਾਨਾਂ ਤੇ ਅਧਿਕਾਰੀਆਂ ਦੇ ਨੰਗਲ ’ਚ ਠਹਿਰਾਅ ਦਾ ਪ੍ਰਬੰਧ ਕਰਨ ਲਈ ਆਪਣੇ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ। ਨੰਗਲ ਟਾਊਨਸ਼ਿਪ ਦੇ ਸੀਸੀ, ਐੱਚਐੱਚ, ਐੱਚ, ਜੀਜੀ ਅਤੇ ਡੀਡੀ ਬਲਾਕਾਂ ’ਚ ਘਰਾਂ ਦੀ ਪਛਾਣ ਕੀਤੀ ਗਈ ਹੈ ਜਿਥੇ ਸੀਆਈਐੱਸਐੱਫ ਦੇ ਜਵਾਨਾਂ ਨੂੰ ਠਹਿਰਾਇਆ ਜਾਵੇਗਾ। ਇਨ੍ਹਾਂ ਬਲਾਕਾਂ ’ਚ ਰਹਿ ਰਹੇ ਬੀਬੀਐੱਮਬੀ ਦੇ ਮੁਲਾਜ਼ਮਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਨੰਗਲ ਟਾਊਨਸ਼ਿਪ ਦੇ ਹੋਰ ਹਿੱਸਿਆਂ ’ਚ ਘਰ ਅਲਾਟ ਕੀਤੇ ਜਾਣਗੇ।
ਨੰਗਲ ’ਚ ਬੀਬੀਐੱਮਬੀ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਉਹ ਸਬੰਧਤ ਬਲਾਕਾਂ ’ਚ ਘਰਾਂ ਨੂੰ ਖਾਲੀ ਕਰਵਾ ਕੇ ਉਨ੍ਹਾਂ ਦੀ ਮੁਰੰਮਤ ਕਰਾਉਣ ਲਈ ਟੈਂਡਰ ਜਾਰੀ ਕਰਨ। ਬੀਬੀਐੱਮਬੀ ਅਧਿਕਾਰੀਆਂ ਨੂੰ ਸੀਆਈਐੱਸਐੱਫ ਦੇ ਇਕ ਕਮਾਂਡੈਂਟ, ਦੋ ਸਹਾਇਕ ਕਮਾਂਡੈਂਟ, ਤਿੰਨ ਇੰਸਪੈਕਟਰਾਂ, ਅੱਠ ਸਬ ਇੰਸਪੈਕਟਰਾਂ, 20 ਏਐੱਸਆਈ, 35 ਹੈੱਡ ਕਾਂਸਟੇਬਲਾਂ ਅਤੇ 73 ਕਾਂਸਟੇਬਲਾਂ ਨੂੰ ਨੰਗਲ ਟਾਊਨਸ਼ਿਪ ’ਚ ਪਰਿਵਾਰਿਕ ਰਿਹਾਇਸ਼ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਬਾਕੀ ਦੇ ਜਵਾਨ ਤਲਵਾੜਾ ਟਾਊਨਸ਼ਿਪ ’ਚ ਤਾਇਨਾਤ ਕੀਤੇ ਜਾਣਗੇ। ਸੀਆਈਐੱਸਐੱਫ ਦੇ ਜਵਾਨਾਂ ਲਈ ਤੈਅ ਕੀਤੇ ਗਏ ਘਰਾਂ ’ਚ ਰਹਿ ਰਹੇ ਬੀਬੀਐੱਮਬੀ ਦੇ ਮੁਲਾਜ਼ਮਾਂ ਨੇ ਘਰ ਖਾਲੀ ਕਰਨ ਦੇ ਹੁਕਮਾਂ ਦਾ ਵਿਰੋਧ ਕਰਦਿਆਂ ਬੋਰਡ ਪ੍ਰਬੰਧਨ ਨੂੰ ਪੱਤਰ ਲਿਖਿਆ ਹੈ। ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਆਪਣੇ ਪੱਲਿਉਂ ਪੈਸੇ ਖ਼ਰਚ ਕਰਕੇ ਘਰਾਂ ’ਚ ਬਦਲਾਅ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਬੀਬੀਐੱਮਬੀ ਪ੍ਰਬੰਧਨ ਸੀਆਈਐੱਸਐੱਫ ਦੇ ਜਵਾਨਾਂ ਨੂੰ ਖਾਲੀ ਪਏ ਘਰਾਂ ’ਚ ਠਹਿਰਾਉਣਾ ਚਾਹੀਦਾ ਹੈ। ਬੀਬੀਐੱਮਬੀ ਵੱਲੋਂ 2021 ’ਚ ਲਏ ਫ਼ੈਸਲੇ ਦੇ ਆਧਾਰ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਖੜਾ ਪ੍ਰਾਜੈਕਟ ਦੀ ਸੁਰੱਖਿਆ ਲਈ ਸੀਆਈਐੱਸਐੱਫ ਦੇ 296 ਜਵਾਨ ਤਾਇਨਾਤ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਆਈਐੱਸਐੱਫ ਦੀ ਤਾਇਨਾਤੀ ਲਈ ਬੀਬੀਐੱਮਬੀ ਨੂੰ 8 ਕਰੋੜ ਰੁਪਏ ਜਮਾਂ ਕਰਾਉਣ ਲਈ ਕਿਹਾ ਹੈ। ਸੂਬੇ ਵੱਲੋਂ 2021 ’ਚ ਦਿੱਤੀ ਗਈ ਸਹਿਮਤੀ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਭਾਖੜਾ ਪ੍ਰਾਜੈਕਟ ’ਤੇ ਸੀਆਈਐੱਸਐੱਫ ਦੇ ਜਵਾਨਾਂ ਦੀ ਤਾਇਨਾਤੀ ਦਾ ਵਿਰੋਧ ਕਰੇਗਾ।
ਮੌਜੂਦਾ ਸਮੇਂ ’ਚ ਭਾਖੜਾ ਡੈਮ ਅਤੇ ਬੀਬੀਐੱਮਬੀ ਦੇ ਪ੍ਰਾਜੈਕਟਾਂ ਦੀ ਸੁਰੱਖਿਆ ਹਿਮਾਚਲ ਤੇ ਪੰਜਾਬ ਪੁਲੀਸ ਹਵਾਲੇ ਹੈ। ਹਿਮਾਚਲ ਪ੍ਰਦੇਸ਼ ਦੇ ਖੇਤਰ ’ਚ ਪੈਂਦੇ ਬੀਬੀਐੱਮਬੀ ਡੈਮਾਂ ਦੀ ਸੁਰੱਖਿਆ ਲਈ ਹਿਮਾਚਲ ਪੁਲੀਸ ਦੇ 200 ਤੋਂ ਵੱਧ ਮੁਲਾਜ਼ਮ ਤਾਇਨਾਤ ਹਨ। ਨੰਗਲ ਡੈਮ ਅਤੇ ਟਾਊਨਸ਼ਿਪ ਦੀ ਪੰਜਾਬ ਪੁਲੀਸ ਦੇ ਕਰੀਬ 15 ਮੁਲਾਜ਼ਮ ਰਾਖੀ ਕਰ ਰਹੇ ਹਨ।