ਸਕੂਲ ਸ਼ੁਰੂ ਨਾ ਕਰਨ ’ਤੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਮਈ
ਸੀਮਾਪੁਰੀ ਵਿਧਾਨ ਸਭਾ ਦੀ ਸੁੰਦਰ ਨਗਰੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਬਣਾਇਆ ਗਿਆ ਸਕੂਲ ਅਜੇ ਤੱਕ ਭਾਜਪਾ ਸਰਕਾਰ ਵੱਲੋਂ ਸ਼ੁਰੂ ਨਹੀਂ ਕੀਤਾ ਗਿਆ। ਸਕੂਲ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਥਾਨਕ ਲੋਕਾਂ ਦਾ ਸਬਰ ਟੁੱਟ ਗਿਆ ਅਤੇ ਅੱਜ ਸੀਮਾਪੁਰੀ ਤੋਂ ‘ਆਪ’ ਵਿਧਾਇਕ ਵੀਰ ਸਿੰਘ ਢੀਂਗਣ ਦੇ ਨਾਲ ਮਿਲ ਕੇ ਉਨ੍ਹਾਂ ਨੇ ਭਾਜਪਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਥਾਨਕ ਲੋਕਾਂ ਨੇ ਕੌਂਸਲਰ ਰਮੇਸ਼ ਕੁਮਾਰ ਅਤੇ ਮੋਹਿਨੀ ਜਿਨਵਾਲ ਅਤੇ ਵਿਧਾਇਕ ਨਾਲ ਮੌਜੂਦ ਹੋਰ ‘ਆਪ’ ਵਰਕਰਾਂ ਦੇ ਨਾਲ ਨਾਅਰੇਬਾਜ਼ੀ ਕੀਤੀ ਅਤੇ ਸਕੂਲ ਸ਼ੁਰੂ ਕਰਨ ਅਤੇ ਜਲਦੀ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਿੱਲੀ ਦੀ ਭਾਜਪਾ ਸਰਕਾਰ ਸਿੱਖਿਆ ਵਿਰੋਧੀ ਹੈ। ਕੇਜਰੀਵਾਲ ਸਰਕਾਰ ਨੇ ਇਹ ਸ਼ਾਨਦਾਰ ਸਕੂਲ ਬਣਾਇਆ ਸੀ ਅਤੇ ਪਿਛਲੇ ਸਾਲ ਤਤਕਾਲੀ ਮੁੱਖ ਮੰਤਰੀ ਆਤਿਸ਼ੀ ਨੇ ਇਸ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ ਸੀ। ਹੁਣ ਦਿੱਲੀ ਵਿੱਚ ਭਾਜਪਾ ਸਰਕਾਰ ਨੂੰ ਸੱਤਾ ਵਿੱਚ ਆਏ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਸਕੂਲ ਅਜੇ ਤੱਕ ਸ਼ੁਰੂ ਨਹੀਂ ਹੋਇਆ ਹੈ, ਜਿਸ ਕਾਰਨ ਹਜ਼ਾਰਾਂ ਸਥਾਨਕ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਗਏ ਹਨ।
ਪ੍ਰਦਰਸ਼ਨ ਦੌਰਾਨ ਸੀਮਾਪੁਰੀ ਦੇ ‘ਆਪ’ ਵਿਧਾਇਕ ਵੀਰ ਸਿੰਘ ਢੀਂਗਣ ਨੇ ਕਿਹਾ ਕਿ ਇਹ ਸਕੂਲ ਦਿੱਲੀ ਦਾ ਪਹਿਲਾ ਅਜਿਹਾ ਸਕੂਲ ਹੈ, ਜੋ ਪਿਛਲੀ ‘ਆਪ’ ਸਰਕਾਰ ਵੱਲੋਂ ਬਣਾਇਆ ਗਿਆ ਸੀ ਅਤੇ ਇਸ ਦਾ ਉਦਘਾਟਨ ਉਸ ਸਮੇਂ ਦੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਕੀਤਾ ਗਿਆ ਸੀ। ਇਹ ਸਕੂਲ ਪਾਣੀ ਅਤੇ ਬਿਜਲੀ ਕੁਨੈਕਸ਼ਨ ਸਣੇ ਛੋਟੀਆਂ-ਮੋਟੀਆਂ ਕਮੀਆਂ ਕਾਰਨ ਬੰਦ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਆਪਣੇ 100 ਦਿਨਾਂ ਦੇ ਕਾਰਜਕਾਲ ਦਾ ਢੋਲ ਵਜਾ ਰਹੀ ਹੈ, ਵੱਡੇ-ਵੱਡੇ ਪਲੇਟਫਾਰਮਾਂ ’ਤੇ ਲੱਖਾਂ ਰੁਪਏ ਖਰਚ ਕਰ ਰਹੀ ਹੈ ਅਤੇ ਆਪਣੇ ਆਪ ਨੂੰ ਸਰਟੀਫਿਕੇਟ ਦੇ ਰਹੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸੁੰਦਰ ਨਗਰੀ ਦਾ ਇਹ ਸਕੂਲ ਅਜੇ ਤੱਕ ਸ਼ੁਰੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਸਕੂਲ ਇਸ ਅਕਾਦਮਿਕ ਸੈਸ਼ਨ ਵਿੱਚ ਸ਼ੁਰੂ ਹੋਣਾ ਚਾਹੀਦਾ ਸੀ, ਪਰ ਭਾਜਪਾ ਸਰਕਾਰ ਦੀ ਲਾਪ੍ਰਵਾਹੀ ਕਾਰਨ ਅਜਿਹਾ ਨਹੀਂ ਹੋਇਆ।
ਭੂ ਮਾਫੀਆ ਤੋਂ ਜ਼ਮੀਨ ਮੁਕਤ ਕਰਵਾ ਕੇ ਬਣਾਇਆ ਸੀ ਸਕੂਲ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 2003 ਵਿੱਚ ਸੁੰਦਰ ਨਗਰੀ ਵਿੱਚ ਸਕੂਲ ਲਈ ਜ਼ਮੀਨ ਅਲਾਟ ਕੀਤੀ ਗਈ ਸੀ ਪਰ ਇਸ ’ਤੇ ਭੂ-ਮਾਫੀਆ ਦਾ ਕਬਜ਼ਾ ਹੋ ਗਿਆ। 2016 ਵਿੱਚ ਕੇਜਰੀਵਾਲ ਸਰਕਾਰ ਨੇ ਜ਼ਮੀਨ ਨੂੰ ਭੂ-ਮਾਫੀਆ ਤੋਂ ਮੁਕਤ ਕਰਵਾਇਆ। 2023 ਵਿੱਚ ਤਤਕਾਲੀ ਉਪ ਮੁੱਖ ਮੰਤਰੀ ਨੇ ਸਕੂਲ ਦੀ ਇਮਾਰਤ ਦੀ ਉਸਾਰੀ ਦਾ ਉਦਘਾਟਨ ਕੀਤਾ ਅਤੇ 2024 ਵਿੱਚ ਤਤਕਾਲੀ ਮੁੱਖ ਮੰਤਰੀ ਆਤਿਸ਼ੀ ਨੇ ਆਲੀਸ਼ਾਨ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ। ਇਸ ਵਿੱਚ 131 ਕਮਰੇ, ਸੱਤ ਲੈਬ ਅਤੇ ਲਾਇਬ੍ਰੇਰੀ, ਬਹੁ-ਮੰਤਵੀ ਹਾਲ ਅਤੇ ਹੋਰ ਸਹੂਲਤਾਂ ਹਨ।