ਸਕੂਲ ਵੱਲੋਂ ਭੇਜੀ ਇੰਟਰਨਲ ਅਸੈਸਮੈਂਟ ਸਵਾਲਾਂ ਦੇ ਘੇਰੇ ’ਚ
ਮਾਲੇਰਕੋਟਲਾ, 29 ਮਈ
ਇਥੇ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੈਟ੍ਰਿਕ ਦੇ ਇੱਕ ਵਿਦਿਆਰਥੀ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ’ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 16 ਮਈ ਨੂੰ ਐਲਾਨੇ ਦਸਵੀਂ ਜਮਾਤ ਦੇ ਨਤੀਜੇ ’ਚ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੇ ਵਿਦਿਆਰਥੀ ਹਰਸ਼ ਪੁੱਤਰ ਰਾਜ ਕੁਮਾਰ ਦਾ ਨਤੀਜਾ ਇਸ ਕਰਕੇ ਰੀ-ਅਪੀਅਰ ਆ ਗਿਆ ਕਿ ਉਸਦੇ ਵਿਗਿਆਨ ਵਿਸ਼ੇ ’ਚ ਸਕੂਲ ਵੱਲੋਂ ਇੰਟਰਨਲ ਅਸੈਸਮੈਂਟ ਦੇ 20 ਵਿਚੋਂ ਕੇਵਲ ਪੰਜ ਨੰਬਰ ਹੀ ਲਗਾਏ ਗਏ। ਆਪਣੇ ਪੁੱਤ ਨਾਲ ਸਕੂਲ ਵੱਲੋਂ ਕੀਤੇ ਇਸ ਪੱਖਪਾਤ ਬਾਰੇ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਨੇ ਦੱਸਿਆ ਕਿ ਸਕੂਲ ਵੱਲੋਂ ਦਸਵੀਂ ਦੇ ਸਾਰੇ ਵਿਦਿਆਰਥੀਆਂ ਦੇ 19 ਜਾਂ 20 ਨੰਬਰਾਂ ਦੀ ਇੰਟਰਨਲ ਅਸੈਸਮੈਂਟ ਭੇਜੀ ਗਈ ਜਦ ਕਿ ਉਸਦੇ ਬੇਟੇ ਦੇ ਕੇਵਲ ਪੰਜ ਨੰਬਰ ਹੀ ਭੇਜੇ ਗਏ। ਰਾਜ ਕੁਮਾਰ ਨੇ ਦੱਸਿਆ ਕਿ ਉਸ ਨੇ ਇਹ ਮਾਮਲਾ ਸਕੂਲ ਪ੍ਰਿੰਸੀਪਲ ਕੋਲ ਵੀ ਉਠਾਇਆ ਪ੍ਰੰਤੂ ਉਨ੍ਹਾਂ ਨੇ ਕੰਪਿਊਟਰ ਦੀ ਗਲਤੀ ਦਾ ਹਵਾਲਾ ਦੇ ਪੱਲਾ ਝਾੜ ਲਿਆ। ਸਕੂਲ ਦੀ ਗਲਤੀ ਕਾਰਨ ਹੁਣ ਉਸ ਦੇ ਬੇਟੇ ਕੋਲ ਦੁਬਾਰਾ ਇਮਤਿਹਾਨ ਦੇਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ ਅਤੇ ਉਸ ਲਈ ਇਮਤਿਹਾਨ ਦੀ ਮੁੜ ਫੀਸ ਭਰਨੀ ਵੀ ਮੁਸ਼ਕਲ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸਕੂਲ ਪ੍ਰਿੰਸੀਪਲ ਨੇ 22 ਮਈ ਨੂੰ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲਿਖੇ ਪੱਤਰ ਵਿਚ ਵਿਦਿਆਰਥੀ ਹਰਸ਼ ਦੇ ਸਾਇੰਸ ਵਿਸ਼ੇ ਦੀ ਇੰਟਰਨਲ ਅਸੈਸਮੈਂਟ 20 ਨੰਬਰਾਂ ਦੀ ਜਗ੍ਹਾ 05 ਨੰਬਰ ਲੱਗ ਜਾਣ ਦੀ ਕੰਪਿਊਟਰ ਗਲਤੀ ਪਰਵਾਨ ਕਰਦਿਆਂ ਮੰਗ ਕੀਤੀ ਕਿ ਵਿਦਿਆਰਥੀ ਦੇ ਭਵਿੱਖ ਨੂੰ ਮੁੱਖ ਰਖਦੇ ਹੋਏ ਅਸੈਸਮੈਂਟ ਨੰਬਰ ਦਰੁੱਸਤ ਕੀਤੇ ਜਾਣ।
ਇੰਟਰਨਲ ਅਸੈਸਮੈਂਟ ਭੇਜਣਾ ਸਬੰਧਤ ਅਧਿਆਪਕ ਦੀ ਜ਼ਿੰਮੇਵਾਰੀ: ਪ੍ਰਿੰਸੀਪਲ
ਸਕੂਲ ਪ੍ਰਿੰਸੀਪਲ ਆਰਤੀ ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇੰਟਰਨਲ ਅਸੈਸਮੈਂਟ ਭੇਜਣਾ ਸਬੰਧਤ ਵਿਸ਼ੇ ਦੇ ਅਧਿਆਪਕ ਦੀ ਜ਼ਿੰਮੇਵਾਰੀ ਬਣਦੀ ਹੈ, ਇਸ ਲਈ ਇਸ ਗਲਤੀ ਲਈ ਪ੍ਰਿੰਸੀਪਲ ਜ਼ਿੰਮੇਵਾਰ ਨਹੀਂ ਹੈ।
ਅਧਿਆਪਕ ਦੇ 20 ਨੰਬਰ ਲਗਾਏ ਗਏ ਸਨ: ਅਧਿਆਪਕ
ਸਾਇੰਸ ਵਿਸ਼ੇ ਦੇ ਅਧਿਆਪਕ ਅਸਗਰ ਅਲੀ ਮੁਤਾਬਕ ਉਸ ਵੱਲੋਂ ਵਿਦਿਆਰਥੀ ਦੇ 20 ਨੰਬਰ ਲਗਾਏ ਗਏ ਸਨ ਜਿਸ ਦੀ ਨਕਲ ਉਸ ਕੋਲ ਮੌਜੂਦ ਹੈ। ਸਾਰੀ ਗਲਤੀ ਇੰਟਰਨਲ ਅਸੈਸਮੈਂਟ ਦੀ ਸੂਚੀ ਨੂੰ ਕੰਪਿਊਟਰ ’ਤੇ ਆਨਲਾਈਨ ਸਬਮਿਟ ਕਰਨ ਵੇਲੇ ਹੋਈ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਸਬਮਿੱਟ ਕਰਨ ਤੋਂ ਪਹਿਲਾਂ ਸੂਚੀ ਦੇ ਬਾਕਾਇਦਾ ਪ੍ਰਿੰਟ ਕੱਢ ਕੇ ਸਬੰਧਤ ਅਧਿਆਪਕਾਂ ਦੇ ਦਸਤਖਤ ਕਰਵਾਉਣ ਉਪਰੰਤ ਪ੍ਰਿੰਟ ਰਿਕਾਰਡ ਵਿਚ ਰੱਖੇ ਜਾਂਦੇ ਹਨ ਜਦਕਿ ਇਸ ਮਾਮਲੇ ’ਚ ਸੂਚੀ ਨੂੰ ਸਬਮਿਟ ਕਰਨ ਤੋਂ ਪਹਿਲਾਂ ਪ੍ਰਾਪਤ ਕੀਤਾ ਪ੍ਰਿੰਟ ਉਸ ਨੂੰ ਨਾ ਵਿਖਾਇਆ ਗਿਆ ਅਤੇ ਨਾ ਹੀ ਉਸ ਨੇ ਦਸਤਖਤ ਕੀਤੇ ਹਨ। ਮਾਸਟਰ ਅਸਗਰ ਅਲੀ ਮੁਤਾਬਕ ਵਿਦਿਆਰਥੀ ਦੇ ਭਵਿੱਖ ਨੂੰ ਬਚਾਉਣ ਲਈ ਉਹ ਖੁਦ ਛੁੱਟੀ ਲੈ ਕੇ ਬੋਰਡ ਦੇ ਮੁਹਾਲੀ ਦਫਤਰ ਜਾ ਆਇਆ ਹੈ ਪ੍ਰੰਤੂ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ।