ਸਕੂਲ ਵਿੱਚ ਬੱਚਿਆਂ ਦੀ ਕੁੱਟਮਾਰ ਵਿਰੁੱਧ ਮਾਪਿਆਂ ਵੱਲੋਂ ਪ੍ਰਦਰਸ਼ਨ
ਸਤਵਿੰਦਰ ਬਸਰਾ
ਲੁਧਿਆਣਾ, 30 ਜਨਵਰੀ
ਐਮੀਨੈਂਸ ਸਕੂਲ ਜਵਾਹਰ ਨਗਰ, ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਤੋਂ ਬਾਅਦ ਹੁਣ ਬੱਚਿਆਂ ਨੂੰ ਕੁੱਟਣ ਦੇ ਮਾਮਲੇ ’ਚ ਚਰਚਾ ਦਾ ਕਾਰਨ ਬਣਿਆ ਹੋਇਆ ਹੈ। ਅੱਜ ਬੱਚਿਆਂ ਦੇ ਮਾਪਿਆਂ ਨੇ ਸਕੂਲ ਵਿੱਚ ਪਹੁੰਚ ਕੇ ਰੋਸ ਪ੍ਰਗਟਾਇਆ ਤੇ ਕਥਿਤ ਬੱਚਿਆਂ ਨੂੰ ਕੁੱਟਣ ਵਾਲੇ ਦੋ ਅਧਿਆਪਕਾਂ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਵੀ ਕੀਤੀ। ਹਾਲਾਂਕਿ ਇਸ ਸਬੰਧੀ ਸਕੂਲ ਦੀ ਡੀਡੀਓ ਪਾਵਰ ਹਾਸਲ ਪ੍ਰਿੰਸੀਪਲ ਵਿਸ਼ਵਕੀਰਤ ਕੌਰ ਨੇ ਕਿਹਾ ਕਿ ਮਾਪਿਆਂ ਅਤੇ ਸਬੰਧਤ ਅਧਿਆਪਕਾਂ ਨਾਲ ਮੀਟਿੰਗ ਕਰਵਾ ਕੇ ਮਾਮਲਾ ਸੁਲਝਾ ਲਿਆ ਗਿਆ ਹੈ। ਕੁੱਝ ਦਿਨ ਪਹਿਲਾਂ ਸਕੂਲ ਵਿੱਚ ਦੇਰ ਨਾਲ ਆਉਣ ਵਾਲੇ ਵਿਦਿਆਰਥੀਆਂ ਤੋਂ ਮਜ਼ਦੂਰੀ ਕਰਵਾਉਣ ਦੇ ਮਾਮਲੇ ਤੋਂ ਬਾਅਦ ਅੱਜ ਇਸੇ ਹੀ ਸਕੂਲ ਦੇ ਬੱਚਿਆਂ ਨੂੰ ਦੋ ਅਧਿਆਪਕਾਂ ਵੱਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਸ਼ਿਕਾਇਤ ਲੈ ਕੇ ਪਹੁੰਚੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚੇ 10ਵੀਂ ਜਮਾਤ ਵਿੱਚ ਪੜ੍ਹਦੇ ਹਨ। ਬੀਤੇ ਦਿਨ ਉਹ ਸਵੇਰ ਦੀ ਪ੍ਰਾਰਥਨਾ ਸਮੇਂ ਪੇਪਰਾਂ ਸਬੰਧੀ ਆਪਸ ਵਿੱਚ ਗੱਲ ਕਰ ਰਹੇ ਸਨ ਕਿ ਪਿੱਛੋਂ ਇੱਕ ਅਧਿਆਪਕ ਨੇ ਆ ਕੇ ਇੱਕ ਬੱਚੇ ਨੂੰ ਮੁੱਕਾ ਮਾਰਿਆ। ਜਦੋਂ ਬੱਚੇ ਨੇ ਕੁੱਟਣ ਦਾ ਕਾਰਨ ਪੁੱਛਿਆ ਤਾਂ ਉਸ ਨੂੰ ਅੱਗੋਂ ਹੋਰ ਥੱਪੜ ਮਾਰੇ ਗਏ ਤੇ ਬੱਚਾ ਰੋਣ ਲੱਗ ਪਿਆ। ਜਦੋਂ ਆਪਣੇ ਰੋਂਦੇ ਸਾਥੀ ਨੂੰ ਲੈਣ ਦੂਜਾ ਬੱਚਾ ਆਇਆ ਤਾਂ ਉਸ ਨੂੰ ਵੀ ਕੁੱਟਿਆ ਗਿਆ। ਮਾਪਿਆਂ ਦਾ ਕਹਿਣਾ ਸੀ ਕਿ ਬੱਚੇ ਦੇ ਮੂੰਹ ’ਤੇ ਚਪੇੜਾਂ ਦੇ ਨਿਸ਼ਾਨ ਇੰਨੇ ਗੂੜੇ ਸਨ ਕਿ ਕਈ ਘੰਟੇ ਬਾਅਦ ਵੀ ਨਹੀਂ ਮਿਟੇ। ਉਨ੍ਹਾਂ ਮੰਗ ਕੀਤੀ ਕਿ ਬਿਨਾ ਕਸੂਰ ਤੋਂ ਬੱਚਿਆਂ ਨੂੰ ਇਸ ਬੇਰਹਿਮੀ ਨਾਲ ਕੁੱਟਣ ਵਾਲੇ ਅਧਿਆਪਕਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਮਾਪਿਆਂ ਅਤੇ ਅਧਿਆਪਕਾਂ ਦੀ ਮਿਲਣੀ ਕਰਵਾ ਕੇ ਮਾਮਲਾ ਸੁਲਝਾ ਲਿਆ: ਪ੍ਰਿੰਸੀਪਲ
ਸਕੂਲ ਦੀ ਡੀਡੀ ਪਾਵਰ ਪ੍ਰਾਪਤ ਪ੍ਰਿੰਸੀਵਲ ਵਿਸ਼ਵਕੀਰਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ ਹੈ। ਜਿਸ ਅਧਿਆਪਕ ’ਤੇ ਬੱਚਿਆਂ ਨੂੰ ਕੁੱਟਣ ਦਾ ਦੋਸ਼ ਹੈ, ਉਹ ਪਿਛਲੇ ਦੋ ਸਾਲਾਂ ਤੋਂ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਇਸੇ ਤਰ੍ਹਾਂ ਦੂਜਾ ਅਧਿਆਪਕ ਵੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਦੋਵਾਂ ਅਧਿਆਪਕਾਂ ਵਿਰੁੱਧ ਪਹਿਲਾਂ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਘਟਨਾ ਮਗਰੋਂ ਹੁਣ ਉਨ੍ਹਾਂ ਦੀ ਡਿਊਟੀ ਇਥੇ ਲਗਾਈ ਗਈ ਹੈ ਤੇ ਉਮੀਦ ਹੈ ਕਿ ਮਾਹੌਲ ਸ਼ਾਂਤ ਕਰ ਲਿਆ ਜਾਵੇਗਾ। ਤਾਜ਼ਾ ਮਾਮਲੇ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਅਧਿਆਪਕਾਂ, ਮਾਪਿਆਂ ਤੇ ਬੱਚਿਆਂ ਨੂੰ ਇਕੱਠਿਆਂ ਬਿਠਾ ਕੇ ਮਾਮਲਾ ਸੁਲਝਾ ਲਿਆ ਗਿਆ ਹੈ।