ਸਕੂਲ ’ਚ ਆਨਲਾਈਨ ਕਲਾਸ ਵੇਲੇ ਅਸ਼ਲੀਲ ਫਿਲਮ ਚੱਲੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਜਨਵਰੀ
ਇੱਥੋਂ ਦੇ ਸੈਕਟਰ-46 ਦੇ ਇੱਕ ਨਿੱਜੀ ਸਕੂਲ ਵਿੱਚ ਅੱਜ ਕਿਸੇ ਨੇ ਆਨਲਾਈਨ ਕਲਾਸ ਵੇਲੇ ਅਸ਼ਲੀਲ ਫਿਲਮ ਚਲਾ ਦਿੱਤੀ ਜਿਸ ਕਾਰਨ ਸਕੂਲ ਅਧਿਆਪਕਾਂ ਨੂੰ ਭਾਜੜਾਂ ਪੈ ਗਈਆਂ। ਇਹ ਫਿਲਮ ਦੋ ਤੋਂ ਤਿੰਨ ਮਿੰਟ ਤਕ ਚਲਦੀ ਰਹੀ ਤੇ ਫਿਲਮ ਨੂੰ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਬੰਦ ਨਾ ਹੋਈ ਜਿਸ ਕਾਰਨ ਮਾਪਿਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਮਾਪਿਆਂ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਰਤਾਰੇ ਨਾਲ ਉਨ੍ਹਾਂ ਦੇ ਬੱਚਿਆਂ ’ਤੇ ਡੂੰਘਾ ਅਸਰ ਪੈ ਸਕਦਾ ਹੈ ਜਿਸ ਕਾਰਨ ਉਹ ਭਲਕੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਤੇ ਪੁਲੀਸ ਨੂੰ ਸ਼ਿਕਾਇਤ ਕਰਨਗੇ।
ਜਾਣਕਾਰੀ ਅਨੁਸਾਰ ਅੱਜ ਉਕਤ ਸਕੂਲ ਵਿਚ ਛੇਵੀਂ ਜਮਾਤ ਦਾ ਤੀਜਾ ਪੀਰੀਅਡ ਚੱਲ ਰਿਹਾ ਸੀ। ਇਸ ਸਕੂਲ ਦੇ ਅਧਿਆਪਕ ਵਲੋਂ ਗੂਗਲ ਮੀਟ ’ਤੇ ਕਲਾਸ ਲਾਈ ਜਾ ਰਹੀ ਸੀ ਤੇ ਕਿਸੇ ਨੇ ਇਸ ਲਿੰਕ ਦੀ ਦੁਰਵਰਤੋਂ ਕੀਤੀ ਤੇ ਆਨਲਾਈਨ ਕਲਾਸ ਵਿਚ ਸ਼ਾਮਲ ਹੋਇਆ ਤੇ ਅਸ਼ਲੀਲ ਵੀਡੀਓ ਚਲਾ ਦਿੱਤੀ। ਇਸ ਸਕੂਲ ਦੀ ਗਣਿਤ ਦੀ ਅਧਿਆਪਕਾਂ ਨੇ ਵੀਡੀਓ ਬੰਦ ਕਰਨ ਲਈ ਪੂਰੀ ਵਾਹ ਲਾਈ ਪਰ ਇਹ ਵੀਡੀਓ ਬੰਦ ਨਾ ਹੋਈ।
ਮਾਮਲਾ ਗੰਭੀਰ; ਸਖ਼ਤ ਕਾਰਵਾਈ ਹੋਵੇਗੀ: ਡਾਇਰੈਕਟਰ
ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਜਿਸ ਲਈ ਵਿਭਾਗ ਦੀ ਕਮੇਟੀ ਵੀ ਬਣਾਈ ਜਾਵੇਗੀ ਤੇ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਇਸ ਸਕੂਲ ਦੇ ਪ੍ਰਬੰਧਕਾਂ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ। ਦੂਜੇ ਪਾਸੇ ਇਸ ਸਕੂਲ ਦੇ ਪ੍ਰਬੰਧਕਾਂ ਨੇ ਸ਼ਿਕਾਇਤ ਕਰਨ ਵਾਲੇ ਮਾਪਿਆਂ ਨੂੰ ਕਿਹਾ ਕਿ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਵਾਈ ਜਾਵੇਗੀ।