ਸਕੂਲ ਆਫ਼ ਐਮੀਨੈਂਸ ਵਿੱਚ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਘੱਗਾ, 15 ਦਸੰਬਰ
ਸਕੂਲ ਆਫ ਐਮੀਨੈਂਸ ਘੱਗਾ ਵਿੱਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸੁਖਜਿੰਦਰ ਕੌਰ ਦੀ ਅਗਵਾਈ ਹੇਠ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸ਼ੁਰੂ ਹੋ ਗਿਆ ਹੈ। ਕੌਮੀ ਸੇਵਾ ਯੋਜਨਾ ਦੀ ਪ੍ਰੋਗਰਾਮ ਅਫ਼ਸਰ ਕਿਰਨ ਬਾਲਾ ਨੇ ਦੱਸਿਆ ਕਿ ਕੈਂਪ ਦਾ ਆਗਾਜ਼ ਏਐੱਸਆਈ ਬਲਵਿੰਦਰ ਕੁਮਾਰ ਨੇ ਕੀਤਾ। ਇਸ ਕੈਂਪ ਵਿੱਚ 50 ਵਾਲੰਟੀਅਰ ਭਾਗ ਲੈ ਰਹੇ ਹਨ। ਇਸ ਵਿੱਚ 25 ਕੁੜੀਆਂ ਅਤੇ 25 ਮੁੰਡੇ ਹਨ। ਇਸ ਕੈਂਪ ਨੂੰ ਸੰਬੋਧਨ ਕਰਦਿਆਂ ਲੇਖਕ ਕੁਲਵੰਤ ਰਿਖੀ ਨੇ ਵਾਲੰਟੀਅਰਾਂ ਨੂੰ ਸਮਾਜ ਸੇਵਾ ਦੀ ਪ੍ਰੇਰਨਾ ਦਿੱਤੀ। ਸਰਕਾਰੀ ਮਿਡਲ ਸਕੂਲ ਚੁਨਾਗਰਾ ਦੇ ਲੈਕਚਰਾਰ ਲਵਕੇਸ਼ ਕੁਮਾਰ ਨੇ ਵਾਲੰਟੀਅਰਾਂ ਨੂੰ ਕੌਮੀ ਸੇਵਾ ਯੋਜਨਾ ਦੀ ਮਹੱਤਤਾ ਅਤੇ ਮੁੱਖ ਨੁਕਤਿਆਂ ਬਾਰੇ ਚਾਨਣਾ ਪਾਇਆ। ਇੰਗਲੈਂਡ ਵਿੱਚ ਰਹਿ ਰਹੀ ਕਿਰਨ ਬਾਲਾ ਦੀ ਸਾਬਕਾ ਵਿਦਿਆਰਥਣ ਗਗਨਦੀਪ ਕੌਰ ਨੇ ਵਾਲੰਟੀਅਰਾਂ ਨੂੰ ਆਪਣੇ ਤਜ਼ਰਬੇ ਰਾਹੀਂ ਸਮਾਜ ਸੇਵਾ ਦੀ ਪ੍ਰੇਰਨਾ ਦਿੱਤੀ। ਉਸ ਨੇ ਇੱਕ ਬਿਮਾਰ ਅਤੇ ਅਸਮਰੱਥ ਵਿਅਕਤੀ ਦੀ ਮੈਡੀਕਲ ਸਹਾਇਤਾ ਲਈ ਆਰਥਿਕ ਮਦਦ ਵੀ ਕੀਤੀ। ਪਹਿਲੇ ਦਿਨ ਵਲੰਟੀਅਰਾਂ ਨੇ ਸਕੂਲ ਦੇ ਗਰਾਊਂਡ, ਸਾਇੰਸ ਪ੍ਰਯੋਗਸ਼ਾਲਾ ਕਲਾਸਰੂਮ ਅਤੇ ਸਟਾਫ ਰੂਮ ਦੀ ਸਫਾਈ ਕੀਤੀ ਗਈ। ਇਹ ਕੈਂਪ 21 ਦਸੰਬਰ ਤੱਕ ਜਾਰੀ ਰਹੇਗਾ।