ਸਕੂਲੀ ਬੈਗ ’ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
ਪੱਤਰ ਪ੍ਰੇਰਕ
ਗੂਹਲਾ ਚੀਕਾ, 13 ਜੂਨ
ਪਿੰਡ ਭਾਗਲ ਵਿੱਚ ਸਕੂਲੀ ਬੈਗ ’ਚੋਂ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਇਸ ਮਾਮਲੇ ’ਚ ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਦੀ ਸੱਸ ਨੇ ਸ਼ਿਕਾਇਤ ਦਰਜ ਕਰਵਾਈ ਹੈ। ਚੀਕਾ ਪੁਲੀਸ ਸਟੇਸ਼ਨ ਨੇ ਕਾਰਵਾਈ ਕਰਦਿਆਂ ਔਰਤ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰਾਮਚੰਦਰ ਦੀ ਪਤਨੀ ਫੂਲਪਤੀ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਚਰਨ ਸਿੰਘ ਪੁਰਤਗਾਲ ਵਿੱਚ ਕੰਮ ਕਰਦਾ ਹੈ। ਸੱਸ ਦਾ ਦੋਸ਼ ਹੈ ਕਿ ਉਸਦੇ ਪੁੱਤਰ ਦੇ ਵਿਦੇਸ਼ ਜਾਣ ਤੋਂ ਬਾਅਦ, ਨੂੰਹ ਦਾ ਵਿਹਾਰ ਕਥਿਤ ਤੌਰ ’ਤੇ ਬਦਲ ਜਾਂਦਾ ਸੀ। ਉਹ ਅਕਸਰ ਬਾਹਰ ਰਹਿਣ ਲੱਗ ਪਈ। ਆਪਣੀ ਸ਼ਿਕਾਇਤ ਵਿੱਚ ਫੂਲਪਤੀ ਨੇ ਦੋਸ਼ ਲਾਇਆ ਹੈ ਕਿ ਨੂੰਹ ਪੂਨਮ ਉਸ ਨੂੰ ਕੁੱਟਦੀ ਵੀ ਸੀ, ਜਿਸ ਕਾਰਨ ਉਹ 6 ਮਹੀਨੇ ਪਹਿਲਾਂ ਆਪਣੇ ਪਿੰਡ ਰਹਿਣ ਲੱਗ ਪਈ ਸੀ। ਫੂਲਪਤੀ ਨੇ ਦੱਸਿਆ ਕਿ ਜਦੋਂ ਉਹ ਲਗਭਗ 10 ਦਿਨ ਪਹਿਲਾਂ ਆਪਣੇ ਘਰ ਤੋਂ ਵਾਪਸ ਆਈ ਤਾਂ ਉਸਦੀ ਨੂੰਹ ਦਾ ਪੇਟ ਫੁੱਲਿਆ ਹੋਇਆ ਸੀ। ਪੁੱਛਣ ’ਤੇ ਨੂੰਹ ਨੇ ਕਿਹਾ ਕਿ ਉਸ ਦੇ ਪੇਟ ਵਿੱਚ ਪਾਣੀ ਹੈ। ਫੂਲਪਤੀ ਦੇ ਅਨੁਸਾਰ 11 ਜੂਨ ਨੂੰ ਜਦੋਂ ਉਸ ਦੀ ਧੀ ਗੁਰਜਿੰਦਰ ਆਪਣੇ ਸਹੁਰੇ ਪਿੰਡ ਕਰੋੜਾ ਤੋਂ ਭਾਗਲ ਸਥਿਤ ਆਪਣੇ ਘਰ ਆਈ ਤਾਂ ਨੇੜਲੇ ਪਸ਼ੂਆਂ ਦੇ ਵਾੜੇ ਵਿੱਚ ਇੱਕ ਨੀਲੇ ਰੰਗ ਦਾ ਸਕੂਲ ਬੈਗ ਪਿਆ ਮਿਲਿਆ। ਜਦੋਂ ਬੈਗ ਖੋਲ੍ਹਿਆ ਗਿਆ ਤਾਂ ਇੱਕ ਨਵਜੰਮੇ ਬੱਚੇ ਦੀ ਲਾਸ਼ ਇੱਕ ਪਲਾਸਟਿਕ ਦੇ ਥੈਲੇ ਵਿੱਚ ਮਿਲੀ। ਘਟਨਾ ਦੀ ਸੂਚਨਾ 112 ਨੰਬਰ ’ਤੇ ਦਿੱਤੀ ਗਈ। ਫੂਲਪਤੀ ਨੇ ਕਿਹਾ ਹੈ ਕਿ ਇਸ ਮਾਮਲੇ ’ਚ ਉਸਦੀ ਨੂੰਹ ਪੂਨਮ ਦੇਵੀ ਤੋਂ ਇਲਾਵਾ, ਨਨੀ ਪਤਨੀ ਕ੍ਰਿਸ਼ਨਾ ਅਤੇ ਮੀਨਾ ਪਤਨੀ ਬਲਵਾਨ ਸਿੰਘ ਵੀ ਸ਼ਾਮਲ ਹਨ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।